ਲੁਧਿਆਣਾ: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਲਗਾਤਾਰ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਦੇ ਕੜਕਦੀ ਧੁੱਪ ਕਦੇ ਬੱਦਲਵਾਈ ਅਤੇ ਠੰਢ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦੇ ਬਦਲਣ ਨਾਲ ਖੰਘ, ਜ਼ੁਖਾਮ ਹੁੰਦਾ ਹੈ ਜਿਸ ਨੂੰ ਲੋਕ ਘਰੇਲੂ ਨੁਸਕੇ ਨਾ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਮੈਡੀਕਲ ਸਟੋਰ ਤੋਂ ਦਵਾਈ ਲੈਕੇ ਸਮਾਂ ਖਰਾਬ ਕਰਦੇ ਰਹਿੰਦੇ ਹਨ ਪਰ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ 72 ਘੰਟੇ ਤੋਂ ਜ਼ਿਆਦਾ ਰਹਿੰਦੀ ਹੈ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ। ਬਦਲ ਰਹੇ ਮੌਸਮ ਵਿੱਚ ਲਗਾਤਾਰ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ। ਡਾਕਟਰ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਨ੍ਹਾਂ ਦਿਨਾਂ ਵਿੱਚ ਆਉਂਦੀਆਂ ਹਨ ਜਿਨ੍ਹਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਲੋਕਾਂ ਨੂੰ ਸੂਚੇਤ ਰਹਿਣ ਦੀ ਕੀਤੀ ਅਪੀਲ
ਡਾਕਟਰ ਸਵਾਤੀ ਖੁਰਾਣਾ ਨੇ ਦੱਸਿਆ ਕਿ "ਬਦਲਦੇ ਮੌਸਮ ਵਿੱਚ ਲੋਕਾਂ ਨੂੰ ਆਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਬਦਲਦੇ ਮੌਸਮ ਕਾਰਨ ਕਈ ਬਿਮਾਰੀਆਂ ਲੱਗਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਖੰਘ,ਜ਼ੁਖਾਮ ਆਦਿ ਨੂੰ ਲੋਕ ਆਮ ਸਮਝ ਕੇ ਘਰੇਲੂ ਨੁਸਖੇ ਅਪਣਾਉਂਦੇ ਹਨ ਜਾਂ ਫਿਰ ਦਵਾਈਆਂ ਦੀ ਦੁਕਾਨ ਤੋਂ ਦਵਾਈ ਲੈ ਕੇ ਸਾਰ ਲੈਂਦੇ ਹਨ। ਜੋ ਕਿ ਬਾਅਦ ਵਿੱਚ ਨਮੂਨੀਆ ਦਾ ਰੂਪ ਧਾਰ ਰਿਹਾ ਹੈ।"
ਬਿਮਾਰੀਆਂ ਨਾਲ ਪੀੜਤ ਲੋਕ ਰੱਖਣ ਖ਼ਾਸ ਧਿਆਨ
ਡਾਕਟਰ ਨੇ ਕਿਹਾ ਕਿ "ਕਿਸੇ ਵੀ ਲੰਬੀ ਬਿਮਾਰੀ ਤੋਂ ਪੀੜਤ ਜਾਂ ਫਿਰ ਬੀਪੀ, ਸ਼ੂਗਰ ਆਦਿ ਦੇ ਮਰੀਜ਼ਾਂ ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਖਾਲੀ ਢਿੱਡ ਜਨਤਕ ਥਾਵਾਂ ਉੱਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਨ੍ਹਾਂ ਨੂੰ ਦੂਸਰੇ ਲੋਕਾਂ ਤੋਂ ਬਿਮਾਰੀਆਂ ਲੱਗ ਸਕਦੀਆਂ ਹਨ। ਬੱਚਿਆਂ ਨੂੰ ਵੀ ਬਿਮਾਰ ਵਿਅਕਤੀ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਵਿੱਚ ਬਿਮਾਰੀਆਂ ਜਲਦੀ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।"