ਤਿਰੂਵਨੰਤਪੁਰਮ: ਕੇਰਲ ਵਿੱਚ ਨਿਪਾਹ ਵਾਇਰਸ ਕਾਰਨ ਇੱਕ 12 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 12 ਸਾਲਾ ਲੜਕੇ ਨੂੰ ਕੋਝੀਕੋਡ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਵਿੱਚ ਨਿਪਾਹ ਵਾਇਰਸ ਦੀ ਲਾਗ ਵਰਗੇ ਲੱਛਣ ਪਾਏ ਗਏ ਸਨ।
ਇਸ ਮਾਮਲੇ 'ਤੇ ਸਿਹਤ ਵਿਭਾਗ ਦੇ ਇੱਕ ਸੂਤਰ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਸੂਬਾ ਸਰਕਾਰ ਨੇ ਨਿਪਾਹ ਦੇ ਸ਼ੱਕੀ ਸੰਕਰਮਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਸਿਹਤ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਹਾਲਾਂਕਿ ਸੂਬਾ ਸਰਕਾਰ ਨੇ ਅਜੇ ਤੱਕ ਨਿਪਾਹ ਵਾਇਰਸ ਦੀ ਮੌਜੂਦਗੀ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰੀ ਵੀਨਾ ਜਾਰਜ ਐਤਵਾਰ ਸਵੇਰੇ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਝੀਕੋਡ ਪਹੁੰਚ ਸਕਦੇ ਹਨ।
ਦੱਖਣੀ ਭਾਰਤ ਵਿੱਚ ਨਿਪਾਹ ਵਾਇਰਸ ਬਿਮਾਰੀ (NIV) ਦਾ ਪਹਿਲਾ ਕੇਸ 19 ਮਈ 2018 ਨੂੰ ਕੇਰਲਾ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਸੀ। ਸੂਬੇ 'ਚ 1 ਜੂਨ, 2018 ਤੱਕ ਇਸ ਲਾਗ ਕਾਰਨ 17 ਮੌਤਾਂ ਹੋਈਆਂ ਸੀ ਅਤੇ 18 ਮਾਮਲਿਆਂ ਦੀ ਪੁਸ਼ਟੀ ਕੀਤੇ ਕੇਸ ਸਨ।