ਹੈਦਰਾਬਾਦ: ਸੈਮਸੰਗ ਦੇ ਸਮਾਰਟਫੋਨ ਕਾਫ਼ੀ ਮਸ਼ਹੂਰ ਹਨ ਅਤੇ ਹੁਣ ਕੰਪਨੀ ਲੈਪਟਾਪ ਇੰਡਸਟਰੀ 'ਚ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸਾਊਥ ਕੋਰੀਆ ਕੰਪਨੀ ਸੈਮਸੰਗ ਭਾਰਤ 'ਚ ਸਥਿਤ ਆਪਣੀ ਫੈਕਟਰੀ 'ਚ ਲੈਪਟਾਪ ਬਣਾਉਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਹਾਲਾਂਕਿ, ਜ਼ਿਆਦਾਤਰ ਲੋਕ Hp, Dell, Lenovo ਅਤੇ Asus ਵਰਗੀਆਂ ਕੰਪਨੀਆਂ ਦੇ ਲੈਪਟਾਪਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਕੰਪਨੀਆਂ ਤੋਂ ਸੈਮਸੰਗ ਅਜੇ ਬਹੁਤ ਪਿੱਛੇ ਹੈ, ਪਰ ਹੁਣ ਸੈਮਸੰਗ ਕੰਪਨੀ ਸਮਾਰਟਫੋਨਾਂ ਦੇ ਨਾਲ-ਨਾਲ ਲੈਪਟਾਪਾਂ ਨੂੰ ਵੀ ਬਾਜ਼ਾਰ 'ਚ ਉਪਲਬਧ ਕਰਵਾਉਣਾ ਚਾਹੁੰਦੀ ਹੈ। ਇਸ ਲਈ ਸੈਮਸੰਗ ਮੋਬਾਈਲ ਦੇ ਮੁਖੀ ਅਤੇ ਪ੍ਰਧਾਨ ਟੀ.ਐਮ ਰੋਹ ਨੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੈਮਸੰਗ ਇਸ ਸਾਲ ਭਾਰਤ 'ਚ ਲੈਪਟਾਪ ਬਣਾਉਣਾ ਸ਼ੁਰੂ ਕਰੇਗਾ।
ਭਾਰਤ ਸਰਕਾਰ ਨੇ ਲੈਪਟਾਪ ਦੇ ਆਯਾਤ 'ਤੇ ਲਗਾਈ ਸੀ ਪਾਬੰਧੀ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਅਗਸਤ 2023 'ਚ ਲੈਪਟਾਪ ਅਤੇ ਟੈਬਲੇਟ ਦੇ ਆਯਾਤ 'ਤੇ ਪਾਬੰਧੀ ਲਗਾ ਦਿੱਤੀ ਸੀ। ਆਯਾਤ 'ਤੇ ਪਾਬੰਦੀ ਦਾ ਉਦੇਸ਼ ਵਿਦੇਸ਼ਾਂ 'ਤੇ ਭਾਰਤ ਦੀ ਨਿਰਭਰਤਾ ਨੂੰ ਘਟਾਉਣਾ ਸੀ। ਹਾਲਾਂਕਿ, ਆਲੋਚਨਾ ਤੋਂ ਬਾਅਦ ਇਹ ਨੋਟੀਫਿਕੇਸ਼ਨ ਤੁਰੰਤ ਵਾਪਸ ਲੈ ਲਿਆ ਗਿਆ ਸੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੀ ਸੈਮਸੰਗ ਨੇ ਭਾਰਤ ਵਿੱਚ ਲੈਪਟਾਪ ਦਾ ਨਿਰਮਾਣ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
ਸੈਮਸੰਗ ਕੰਪਨੀ ਦਾ ਪਲੈਨ: ਸੈਮਸੰਗ ਕੰਪਨੀ ਦਾ ਪਲੈਨ ਗਲੈਕਸੀ AI ਫੀਚਰਸ ਪੇਸ਼ ਕਰਕੇ ਗਲੈਕਸੀ ਲੈਪਟਾਪ ਦੀ ਗਿਣਤੀ ਨੂੰ ਵਧਾਉਣਾ ਹੈ। ਕੰਪਨੀ ਨੇ ਕਿਹਾ ਹੈ ਕਿ ਹਾਈ-ਐਂਡ ਗਲੈਕਸੀ ਸਮਾਰਟਫੋਨ ਯੂਜ਼ਰਸ ਗਲੈਕਸੀ ਲੈਪਟਾਪ 'ਤੇ ਸਵਿੱਚ ਕਰ ਸਕਣਗੇ। ਗਲੈਕਸੀ AI ਅਤੇ ਹੋਰ ਫੀਚਰਸ ਦੀ ਸ਼ੁਰੂਆਤ ਨਾਲ ਬ੍ਰਾਂਡ ਨੂੰ ਇੰਡਸਟਰੀ 'ਚ ਵੱਧ ਰਹੇ ਬਦਲਾਵ ਚੱਕਰ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ।
ਸੈਮਸੰਗ ਕੰਪਨੀ ਦਾ ਉਦੇਸ਼: ਸੈਮਸੰਗ ਕੰਪਨੀ ਦਾ ਉਦੇਸ਼ ਸਾਲ 2024 'ਚ 100 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਲਈ ਗਲੈਕਸੀ AI ਨੂੰ ਲਿਆਉਣਾ ਹੈ, ਜਿਸ ਨਾਲ ਯੂਜ਼ਰਸ ਦਾ ਅਨੁਭਵ ਬਦਲ ਜਾਵੇਗਾ। ਸੈਮਸੰਗ ਭਾਰਤ ਦੇ ਨੋਇਡਾ 'ਚ ਸਥਿਤ ਪਲਾਂਟ ਵਿੱਚ ਲੈਪਟਾਪ ਬਣਾਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਹਰ ਸਾਲ ਭਾਰਤ 'ਚ ਕਰੀਬ 60,000 ਤੋਂ 70,000 ਲੈਪਟਾਪ ਦਾ ਉਤਪਾਦਨ ਕਰ ਸਕਦੀ ਹੈ।