ਬਠਿੰਡਾ: ਪਿਛਲੇ ਮਹੀਨੇ ਮਾਨਸਾ ਜਿਲੇ ਦੇ ਪਿੰਡ ਕੋਟਲੀ ਕਲਾ ਵਿਖੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਬੇਸ਼ੱਕ ਛੇ ਲੋਕਾਂ ਤੇ ਮਾਮਲਾ ਦਰਜ ਕਰਕੇ ਦੋ ਨੂੰ ਗਿਰਫਤਾਰ ਕਰ ਲਿਆ ਹੈ ਪਰ ਅਜੇ ਤੱਕ ਚਾਰ ਲੋਕਾਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਬਠਿੰਡਾ ਮਾਨਸਾ ਰੋਡ 'ਤੇ ਜਾਮ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਕੁਲਵਿੰਦਰ ਸਿੰਘ ਕਿੰਦਾ ਨੌਜਵਾਨਾਂ ਨੂੰ ਨਸ਼ੇ ਤੋਂ ਵੀ ਰੋਕਦਾ ਸੀ
ਉਲੇਖਯੋਗ ਹੈ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਪਿਛਲੇ ਮਹੀਨੇ ਕੁਲਵਿੰਦਰ ਸਿੰਘ ਕਿੰਦਾ ਨਾਮੀ ਨੌਜਵਾਨ ਦਾ ਪਿੰਡ ਦੇ ਕੁਝ ਲੋਕਾਂ ਵੱਲੋਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਪਿੰਡ ਵਾਸੀਆਂ ਵੱਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਗ੍ਰਿਫਤਾਰੀ ਕਰਵਾਉਣ ਦੇ ਲਈ ਅੱਜ ਬਠਿੰਡਾ ਮਾਨਸਾ ਰੋਡ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਕੁਲਵਿੰਦਰ ਸਿੰਘ ਪਿੰਡ ਦਾ ਹੋਣਹਾਰ ਨੌਜਵਾਨ ਸੀ, ਜੋ ਨੌਜਵਾਨਾਂ ਨੂੰ ਨਸ਼ੇ ਤੋਂ ਵੀ ਰੋਕਦਾ ਸੀ ਅਤੇ ਕੁਝ ਲੋਕ ਜੋ ਕੁੜੀਆਂ ਨਾਲ ਸ਼ਰਾਰਤਾਂ ਕਰਦੇ ਸਨ, ਉਹਨਾਂ ਨੂੰ ਵੀ ਰੋਕਦਾ ਸੀ ਪਰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਸਾਜ਼ਿਸ਼ ਦੇ ਤਹਿਤ ਸਵੇਰ ਦੇ ਸਮੇਂ ਨੌਜਵਾਨ ਕੁਲਵਿੰਦਰ ਸਿੰਘ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਅਜੇ ਤੱਕ ਚਾਰ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ
ਉਹਨਾਂ ਦੱਸਿਆ ਕਿ ਪੁਲਿਸ ਨੇ ਬੇਸ਼ੱਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਤੱਕ ਚਾਰ ਵਿਅਕਤੀ ਸ਼ਰੇਆਮ ਘੁੰਮ ਰਹੇ ਹਨ, ਜਿਨਾਂ ਦੀ ਅਜੇ ਤੱਕ ਪੁਲਿਸ ਵੱਲੋਂ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਬਾਕੀ ਰਹਿੰਦੇ ਵਿਅਕਤੀਆਂ ਦੀ ਗ੍ਰਿਫਤਾਰੀ ਕਰਵਾਉਣ ਦੇ ਲਈ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਚੇਤਵਾਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਉਹਨਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।