ਲੁਧਿਆਣਾ: ਪੰਜਾਬ ਵਿੱਚ ਦਿਨ ਪ੍ਰਤੀ ਦਿਨ ਕਤਲ ਅਤੇ ਹਾਦਸੇ ਵੱਧਦੇ ਜਾ ਰਹੇ ਹਨ, ਕਈ ਵਾਰ ਤਾਂ ਹਾਦਸੇ ਐਨੇ ਭਿਆਨਕ ਹੁੰਦੇ ਹਨ ਕਿ ਪਰਿਵਾਰਾਂ ਦੀ ਸੁੱਖ-ਸ਼ਾਂਤੀ ਖੋਹ ਲੈਂਦੇ ਹਨ ਅਤੇ ਪਰਿਵਾਰ ਸਾਰੀ ਜ਼ਿੰਦਗੀ ਰੋਣ ਲਈ ਮਜ਼ਬੂਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਦੁਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ 200 ਫੁੱਟਾ ਰੋਡ 'ਤੇ ਇੱਕ ਕਾਰ ਬਾਜ਼ਾਰ 'ਚ 30 ਸਾਲਾਂ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ 'ਚ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਕਾਰ ਬਾਜ਼ਾਰ 'ਚ ਸੇਲ ਪਰਚੇਜ਼ ਦਾ ਕੰਮ ਕਰਦਾ ਸੀ ਅਤੇ ਉਹ ਪਿਛਲੇ 6 ਮਹੀਨਿਆਂ ਤੋਂ ਇਸ ਕਾਰ ਬਾਜ਼ਾਰ 'ਤੇ ਲੱਗਿਆ ਹੋਇਆ ਸੀ। ਪਰ ਬੀਤੀ ਰਾਤ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ, ਉਸ ਨਾਲ ਸੜਕ ਦੁਰਘਟਨਾ ਹੋ ਗਈ ਹੈ।
ਥਾਰ ਗੱਡੀ ਨੂੰ ਬੈਕ ਕਰਦੇ ਸਮੇਂ ਵਾਪਰਿਆ ਇਹ ਹਾਦਸਾ
ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ, ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਕਾਰ ਬਾਜ਼ਾਰ ਦੇ ਮਾਲਕਾਂ ਵੱਲੋਂ ਉਸ ਦਾ ਐਕਸੀਡੈਂਟ ਦੱਸਿਆ ਜਾ ਰਿਹਾ ਹੈ ਕਿਹਾ ਕਿ ਥਾਰ ਗੱਡੀ ਨੂੰ ਬੈਕ ਕਰਦੇ ਸਮੇਂ ਇਹ ਹਾਦਸਾ ਵਾਪਰਿਆ ਹੈ, ਜਿਸ ਦੇ ਚੱਲਦਿਆਂ ਨੌਜਵਾਨ ਦੀ ਮੌਤ ਹੋ ਗਈ ਹੈ ਫਿਲਹਾਲ ਥਾਣਾ ਦੁਗਰੀ ਪੁਲਿਸ ਨੇ ਥਾਰ ਗੱਡੀ ਨੂੰ ਕਬਜ਼ੇ ਵਿੱਚ ਲੈ ਇਸ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ।
ਮੌਤ ਤੋਂ 15 ਮਿੰਟ ਪਹਿਲਾਂ ਪੁੱਤਰ ਨਾਲ ਹੋਈ ਸੀ ਗੱਲ
ਮ੍ਰਿਤਕ ਗੌਰਵ ਗਾਬਾ ਦੀ ਮਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੌਰਵ ਪਿਛਲੇ ਛੇ ਮਹੀਨਿਆਂ ਤੋਂ ਇਸ ਕਾਰ ਬਾਜ਼ਾਰ 'ਤੇ ਕੰਮ ਕਰਦਾ ਸੀ ਅਤੇ ਮੌਤ ਤੋਂ 15 ਮਿੰਟ ਪਹਿਲਾਂ ਹੀ ਉਸਨਾ ਨਾਲ ਗੱਲਬਾਤ ਹੋਈ ਸੀ। ਕਿਹਾ ਕਿ ਜਿਵੇਂ ਹੀ ਮ੍ਰਿਤਕ ਨੌਜਵਾਨ ਗੌਰਵ ਦੀ ਪਤਨੀ ਨੇ ਉਸ ਨੂੰ ਫੋਨ ਕੀਤਾ ਤਾਂ ਫੋਨ ਕਾਰ ਬਾਜ਼ਾਰ ਦੇ ਮਾਲਕ ਵੱਲੋਂ ਚੁੱਕਿਆ ਗਿਆ ਅਤੇ ਦੱਸਿਆ ਕਿ ਗੌਰਵ ਦਾ ਐਕਸੀਡੈਂਟ ਹੋ ਗਿਆ ਹੈ। ਮੌਕੇ 'ਤੇ ਪਹੁੰਚਣ ਉਪਰੰਤ ਪਤਾ ਚੱਲਿਆ ਕਿ ਉਸ ਨੂੰ ਹਸਪਤਾਲ ਲਜਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਮੌਕੇ 'ਤੇ ਜਾ ਕੇ ਹਾਲਾਤਾਂ ਬਾਰੇ ਪੁੱਛਿਆ ਤਾਂ ਪਤਾ ਚੱਲਿਆ ਕਿ ਥਾਰ ਗੱਡੀ ਉਸ ਦੇ ਉੱਪਰ ਚੜ੍ਹਾਈ ਗਈ ਹੈ ਅਤੇ ਇਸੇ ਕਾਰਨ ਹਾਦਸਾ ਵਾਪਰਿਆ ਹੈ।
ਇੱਕ ਮਹੀਨਾ ਪਹਿਲਾਂ ਹੀ ਮ੍ਰਿਤਕ ਪਿਤਾ ਦੀ ਹੋਈ ਮੌਤ
ਉਹਨਾਂ ਇਹ ਵੀ ਕਿਹਾ ਕਿ ਥਾਰ ਗੱਡੀ ਨੂੰ ਇੱਕ ਲੜਕੀ ਚਲਾ ਰਹੀ ਸੀ। ਉਹਨਾਂ ਕਿਹਾ ਕਿ ਇੱਕ ਮਹੀਨਾ ਪਹਿਲਾਂ 17 ਤਰੀਕ ਨੂੰ ਹੀ ਮ੍ਰਿਤਕ ਗੌਰਵ ਦੇ ਪਿਤਾ ਦੀ ਮੌਤ ਹੋਈ ਹੈ। ਅਤੇ 17 ਤਰੀਕ ਨੂੰ ਹੀ ਗੌਰਵ ਦੀ ਮੌਤ ਹੋਈ ਹੈ। ਇਸ ਦੌਰਾਨ ਪਰਿਵਾਰ ਨੇ ਕਤਲ ਦੀ ਸ਼ੰਕਾ ਜਤਾਈ ਹੈ ਅਤੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ।