ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਅਖਾੜਾ ਭੱਖਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੀਆ ਦਾ ਦੌਰ ਵੀ ਜਾਰੀ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 4 ਜੂਨ ਐਲਾਨੇ (Lok Sabha Election 2024) ਜਾਣਗੇ। ਸੋ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਬਣਿਆ ਹੋਇਆ ਹੈ। ਇਸ ਵਾਰ ਤਾਂ ਕਈ ਸਾਬਕਾ ਅਧਿਕਾਰੀ ਵੀ ਰਾਜਨੀਤੀ ਵਿੱਚ ਆਪਣੇ ਹੱਥ ਅਜਮਾ ਰਹੇ ਹਨ। ਬੀਤੇ ਦਿਨ ਪੰਜਾਬ ਦੇ ਸੇਵਾ ਮੁਕਤ ਏਡੀਜੀਪੀ ਗੁਰਿੰਦਰ ਸਿੰਘ ਢਿੱਲੋ ਵੀ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਦਿੱਲੀ ਜਾ ਕੇ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ੍ਹਿਆ ਹੈ।
ਗੁਰਿੰਦਰ ਢਿੱਲੋ ਨੇ ਹਾਲ ਹੀ ਵਿੱਚ ਵੀਆਰਐਸ ਲਈ ਅਪਲਾਈ ਕੀਤਾ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਮੰਨਜ਼ੂਰ ਕਰ ਲਿਆ ਸੀ। ਰਾਜਨੀਤੀ ਵਿੱਚ ਜਾਣ ਸੰਬੰਧੀ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਪਰਿਵਾਰ ਇਸ ਉੱਤੇ ਆਖਰੀ ਫੈਸਲਾ ਲਵੇਗਾ ਅਤੇ ਉਸ ਤੋਂ ਛੇ ਦਿਨ ਬਾਅਦ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ।
ਕੌਣ ਨੇ ਗੁਰਿੰਦਰ ਸਿੰਘ ਢਿੱਲੋ: ਦਰਅਸਲ, ਗੁਰਿੰਦਰ ਸਿੰਘ ਢਿੱਲੋ ਪੰਜਾਬ ਦੇ ਸਾਬਕਾ ਏਡੀਜੀਪੀ ਹਨ ਅਤੇ ਉਹ 1997 ਬੈਚ ਦੇ ਆਈਪੀਐਸ ਅਧਿਕਾਰੀ ਹਨ। ਪੰਜਾਬ ਵਿੱਚ ਅੱਤਵਾਦ ਦੇ ਦੌਰਾਨ ਕਈ ਚੁਣੌਤੀਆਂ ਜਦੋਂ ਸਾਹਮਣੇ ਆਈਆਂ ਸੀ, ਤਾਂ ਉਨ੍ਹਾਂ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ ਸੀ। ਵੀਆਰਐਸ ਲੈਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਪੋਸਟ ਸਾਂਝੀ ਕਰਕੇ ਕਿਹਾ ਸੀ ਕਿ ਉਹ ਅੱਜ ਪਿੰਜਰੇ ਤੋਂ ਛੁੱਟੇ ਹੋਏ ਮਹਿਸੂਸ ਕਰ ਰਹੇ ਹਨ।
ਇਨ੍ਹਾਂ ਅਹੁਦਿਆਂ ਉੱਤੇ ਰਹਿ ਚੁੱਕੇ: ਆਪਣੇ ਕਾਰਜਕਾਲ ਦੇ ਦੌਰਾਨ ਗੁਰਿੰਦਰ ਸਿੰਘ ਢਿੱਲੋ ਵੱਖ ਵੱਖ ਅਹੁਦਿਆਂ 'ਤੇ ਰਹੇ ਹਨ। ਉਹ ਡਿਪਟੀ ਸੁਪਰਡੈਂਟ ਪੁਲਿਸ ਜਲੰਧਰ ਦੇ ਵਿੱਚ ਕਾਫੀ ਸਾਲ ਸੇਵਾਵਾਂ ਨਿਭਾਉਂਦੇ ਰਹੇ। ਇਸ ਤੋਂ ਇਲਾਵਾ. ਇੰਟੈਲੀਜੈਂਸ ਅਤੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਨਾਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿੱਚ ਵੀ ਉਹ ਬਤੌਰ ਪੁਲਿਸ ਅਧਿਕਾਰੀ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਸੰਬੰਧ ਗੁਰਦਾਸਪੁਰ ਜ਼ਿਲ੍ਹੇ ਤੋਂ ਮੁਲੀਆਵਾਲ ਪਿੰਡ ਤੋਂ ਰਿਹਾ ਹੈ, ਮੌਜੂਦਾ ਸਮੇਂ ਦੇ ਵਿੱਚ ਉਹ ਪਟਿਆਲਾ ਵਿੱਚ ਰਹਿ ਰਹੇ ਹਨ।
ਮਿਲ ਸਕਦੀ ਹੈ ਟਿਕਟ: ਕਾਂਗਰਸ ਨੇ ਫਿਲਹਾਲ ਫਿਰੋਜ਼ਪੁਰ ਸੀਟ ਤੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਅਤੇ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਹਨ ਕਿ ਗੁਰਿੰਦਰ ਸਿੰਘ ਕਾਂਗਰਸ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਬਣ ਸਕਦੇ ਹਨ।
ਪਹਿਲਾਂ ਵੀ ਕਈ ਅਧਿਕਾਰੀ ਰਾਜਨੀਤੀ 'ਚ ਉਤਰੇ: ਗੁਰਿੰਦਰ ਸਿੰਘ ਢਿੱਲੋ ਕੋਈ ਪਹਿਲੇ ਆਈਪੀਐਸ ਅਧਿਕਾਰੀ ਨਹੀਂ ਹਨ, ਜੋ ਰਾਜਨੀਤੀ ਵਿੱਚ ਆਏ ਹੋਣ। ਇਸ ਤੋਂ ਪਹਿਲਾਂ, ਵੀ ਕਈ ਸਾਬਕਾ ਆਈਏਐਸ ਅਤੇ ਆਈਪੀਐਸ ਦੇ ਨਾਲ ਪੀਸੀਐਸ ਅਧਿਕਾਰੀ ਰਾਜਨੀਤੀ ਵਿੱਚ ਆਪਣੇ ਹੱਥ ਅਜ਼ਮਾ ਚੁੱਕੇ ਹਨ। ਇਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅੰਮ੍ਰਿਤਸਰ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ 2022 ਦੇ ਵਿੱਚ ਚੋਣ ਲੜਾਈ ਗਈ ਸੀ ਅਤੇ ਉਹ ਵਿਧਾਇਕ ਬਣੇ।
ਕੌਣ ਹਨ ਕੁੰਵਰ ਵਿਜੇ ਪ੍ਰਤਾਪ: ਭਾਰਤੀ ਪੁਲਿਸ ਸਰਵਿਸ ਦੇ 1998 ਬੈਚ ਦੇ ਪੰਜਾਬ ਕਾਡਰ ਦੇ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ ਜੀ ਦੇ ਅਹੁਦੇ ਉੱਤੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਕੁੰਵਰ ਵਿਜੇ ਪੰਜਾਬ ਵਿੱਚ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸੇ ਮਾਮਲੇ ਵਿੱਚ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਸੀ। ਕੁਵੰਰ ਵਿਜੇ ਪ੍ਰਤਾਪ ਹਾਈ ਪ੍ਰੋਫਾਈਲ ਕੇਸਾਂ ਦੇ ਜਾਂਚ ਅਫ਼ਸਰ ਵਜੋਂ ਆਪਣੀ ਡਿਊਟੀ ਨਿਭਾਉਂਦੇ ਰਹੇ ਹਨ।
ਇਸ ਮਾਮਲੇ ਵਿੱਚ ਇਨ੍ਹਾਂ ਵੱਡੇ ਚਿਹਰਿਆਂ ਤੋਂ ਕੀਤੀ ਪੁੱਛਗਿੱਛ: ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਾਸ ਤੌਰ ਉੱਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚੀਫ਼ ਵਜੋਂ ਕੰਮ ਕਰ ਰਹੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ।
ਐਡੀਸ਼ਨਲ ਡੀਸੀ ਵਲੋਂ ਕਾਂਗਰਸ 'ਚ ਸ਼ਮੂਲੀਅਤ: ਇਸੇ ਤਰ੍ਹਾਂ ਲੁਧਿਆਣਾ ਤੋਂ ਕੁਲਦੀਪ ਸਿੰਘ ਵੈਦ, ਜੋ ਕਿ ਮੋਗਾ ਜ਼ਿਲ੍ਹੇ ਵਿੱਚ ਬਤੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਂਦੇ ਰਹੇ। 2017 ਵਿੱਚ ਲੁਧਿਆਣਾ ਗਿੱਲ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ ਅਤੇ ਕਾਂਗਰਸ ਦੀ ਝੋਲੀ ਵਿੱਚ ਇਹ ਸੀਟ ਜਿੱਤ ਕੇ ਪਾਈ ਸੀ। ਕੁਲਦੀਪ ਵੈਦ ਪੰਜ ਸਾਲ ਐਮਐਲਏ ਰਹੇ, ਹਾਲਾਂਕਿ 2022 ਵਿੱਚ ਉਹ ਜਿੱਤ ਨਾ ਸਕੇ।
IAS ਅਧਿਕਾਰੀ ਭਾਜਪਾ 'ਚ ਸ਼ਾਮਲ: ਇਸ ਤੋਂ ਪਹਿਲਾਂ, 11 ਅਪ੍ਰੈਲ ਨੂੰ ਆਈਏਐਸ ਅਧਿਕਾਰੀ ਰਹੀ ਪਰਮਪਾਲ ਕੌਰ ਸਿੱਧੂ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਪਰਮਪਾਲ ਕੌਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ।
ਚੋਣਾਂ ਵਿੱਚ ਹਿੱਸਾ: ਇਸ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ 2012 ਤੋਂ ਬਾਅਦ ਹੁਣ ਤੱਕ 4 ਉਮੀਦਵਾਰ ਆਪਣੇ ਚੋਣ ਮੈਦਾਨ ਵਿੱਚ ਉਤਾਰੇ ਗਏ ਸਨ, ਜਿਨ੍ਹਾਂ ਵਿੱਚ ਜਸਟਿਸ ਨਿਰਮਲ ਸਿੰਘ ਅਤੇ ਸਾਬਕਾ ਆਈਏਐਸ ਅਧਿਕਾਰੀ ਐਸ ਆਰ ਕਲੇਰ ਸ਼ਾਮਲ ਰਹੇ। ਇਸ ਤੋਂ ਇਲਾਵਾ, ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ, ਆਈਏਐਸ ਕੈਪਟਨ ਤਜਿੰਦਰ ਪਾਲ ਸਿੰਘ ਸਿੱਧੂ ਤੇ ਦਰਬਾਰਾ ਸਿੰਘ ਗੁਰੂ ਵਰਗੇ ਅਧਿਕਾਰੀ ਵੀ ਰਾਜਨੀਤੀ ਦੇ ਵਿੱਚ ਸਰਗਰਮ ਰਹੇ ਹਨ।
ਭਾਜਪਾ ਵੱਲੋਂ ਵੀ ਦੋ ਆਈਏਐਸ ਅਧਿਕਾਰੀ ਸੋਮ ਪ੍ਰਕਾਸ਼ ਅਤੇ ਜੁਗਮੋਹਨ ਸਿੰਘ ਰਾਜੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ। ਹਾਲ ਹੀ ਵਿੱਚ ਭਾਰਤ ਦੇ ਡਿਪਲੋਮੈਟ ਰਹਿ ਚੁੱਕੇ ਤਰਨਜੀਤ ਸਿੰਘ ਸੰਧੂ ਵੀ ਭਾਜਪਾ ਵਿੱਚ ਬੀਤੇ ਦਿਨਾਂ ਪਹਿਲਾਂ ਸ਼ਾਮਿਲ ਹੋਏ ਸਨ।
ਕਾਂਗਰਸ ਨੇ ਵੀ ਕਈ ਆਈਐਸ ਅਤੇ ਆਈਪੀਐਸ ਅਧਿਕਾਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ਵਿੱਚ ਅਮਰ ਸਿੰਘ 2017 ਵਿੱਚ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ, ਉਹ ਸਾਬਕਾ ਆਈਏਐਸ ਅਧਿਕਾਰੀ ਹਨ। ਫ਼ਗਵਾੜਾ ਤੋਂ ਸਾਬਕਾ ਆਈਐਸ ਬਲਵਿੰਦਰ ਸਿੰਘ 2019 ਵਿੱਚ ਜ਼ਿਮਨੀ ਚੋਣ ਅਤੇ 2022 ਵਿਧਾਨ ਸਭਾ ਚੋਣਾਂ ਵਿੱਚ ਜਿੱਤੇ।