ਅੰਮ੍ਰਿਤਸਰ: ਅੱਜ ਸਾਡਾ ਦੇਸ਼ ਆਜ਼ਾਦੀ ਦੇ 78ਵਾਂ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਿਹਾ ਹੈ। ਪਰ ਅੱਜ ਵੀ ਦੇਸ਼ ਅਤੇ ਸੂਬੇ ਦੇ ਵਿੱਚ ਕਈ ਅਜਿਹੇ ਪਿੰਡ ਹਨ। ਜਿੱਥੋਂ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਅੱਜ ਤੱਕ ਵਾਂਝੇ ਹਨ। ਆਲਮ ਇਹ ਬਣਿਆ ਹੋਇਆ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਉਨ੍ਹਾਂ ਦੇ ਕੰਮਾਂ ਦੇ ਵਾਅਦੇ ਕਰਕੇ ਵਿਕਾਸ ਦੇ ਨਾਮ ਉੱਤੇ ਲੋਕਾਂ ਨਾਲ ਕਈ ਜਗ੍ਹਾ ਕੋਝਾ ਮਜਾਕ ਕੀਤਾ ਜਾਂਦਾ ਹੈ।
ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕ: ਪੰਜ ਸਾਲ ਤੱਕ ਸੱਤਾ ਦਾ ਆਨੰਦ ਮਾਣਨ ਤੋਂ ਬਾਅਦ ਅਜਿਹੀਆਂ ਸਰਕਾਰਾਂ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਚਲ ਵੀ ਜਾਂਦੀਆਂ ਹਨ। ਪਰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕ ਸਿਰਫ ਸਰਕਾਰਾਂ ਦੇ ਲਾਰਿਆਂ ਦੇ ਉੱਤੇ ਨਿਰਭਰ ਨਜ਼ਰ ਆ ਰਹੇ ਹਨ।
ਛੱਪੜ ਦਾ ਗੰਦਾ ਪਾਣੀ: ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਅੱਜ ਵੀ ਪੰਜਾਬ ਦੇ ਕਈ ਪਿੰਡਾਂ ਦੇ ਲੋਕ ਮੁੱਢਲੀਆਂ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਭੋਗ ਰਹੇ ਹਨ। ਜਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਵਡਾਲਾ ਕਲਾਂ ਵਿਖੇ ਪਿੰਡ ਵਾਸੀ ਛੱਪੜ ਦਾ ਗੰਦਾ ਪਾਣੀ ਬਰਸਾਤਾਂ ਦੌਰਾਨ ਓਵਰਫਲੋ ਹੋ ਕੇ ਘਰਾਂ ਅਤੇ ਗਲੀਆਂ ਦੇ ਵਿੱਚ ਵੜ ਜਾਣ ਕਾਰਨ ਨਰਕ ਜਿਹੀ ਜ਼ਿੰਦਗੀ ਬਤੀਤ ਕਰਨ ਨੂੰ ਮਜਬੂਰ ਦਿਖਾਈ ਦੇ ਰਹੇ ਹਨ।
ਸਮੱਸਿਆ ਦੇ ਨਾਲ ਜੂਝ ਰਹੇ: ਗੰਦੇ ਪਾਣੀ ਨਾਲ ਨੱਕੋ-ਨੱਕ ਭਰੀਆਂ ਗਲੀਆਂ ਦਿਖਾਉਂਦੇ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਕਰੀਬ 150 ਘਰ ਇਸ ਸਮੱਸਿਆ ਦੇ ਨਾਲ ਜੂਝ ਰਹੇ ਹਨ ਪਰ ਹਰ ਵਾਰ ਜਦੋਂ ਵੀ ਉਹ ਪ੍ਰਸ਼ਾਸਨ ਦੇ ਦਰਵਾਜ਼ੇ ਦੇ ਉੱਤੇ ਪਹੁੰਚਦੇ ਹਨ। ਫਿਰ ਕੋਈ ਸਿਆਸੀ ਲੀਡਰ ਉਨ੍ਹਾਂ ਦੇ ਪਿੰਡ ਪਹੁੰਚਦਾ ਹੈ ਤਾਂ ਇਹ ਸਮੱਸਿਆ ਤਸੱਲੀ ਨਾਲ ਸੁਣੀ ਜਰੂਰ ਜਾਂਦੀ ਹੈ। ਉਸ ਤੋਂ ਬਾਅਦ ਇਸ ਦਾ ਹੱਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਪਿੰਡ ਵਡਾਲਾ ਕਲਾਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਛੱਪੜ ਵਿੱਚੋਂ ਦੋ ਜਾਂ ਤਿੰਨ ਵਾਰ ਪਾਣੀ ਜਰੂਰ ਕਢਵਾਇਆ ਗਿਆ ਹੈ ਪਰ ਜੇਕਰ ਇਸ ਛੱਪੜ ਦੀ ਮੁਕੰਮਲ ਖਲਾਈ ਕਰਵਾਈ ਹੁੰਦੀ ਤਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ।
ਗਲੀਆਂ ਵਿੱਚ ਖੜੇ ਇਸ ਗੰਦੇ ਪਾਣੀ ਵਿੱਚੋਂ ਦੀ ਹੋ ਕੇ ਹੀ ਲੰਘਣਾ ਪੈਂਦਾ : ਗੱਲਬਾਤ ਦੌਰਾਨ ਪਿੰਡ ਵਾਸੀ ਰਵੀ ਅਤੇ ਹੋਰਾਂ ਨੇ ਦੱਸਿਆ ਕਿ ਕਰੀਬ 35 ਸਾਲਾਂ ਤੋਂ ਪਿੰਡ ਦੇ ਛੱਪੜ ਦੀ ਮੁਕੰਮਲ ਖਿਲਾਈ ਨਹੀਂ ਕਰਵਾਈ ਗਈ। ਜਿਸ ਕਾਰਨ ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਪਿੰਡ ਦੀਆਂ ਗਲੀਆਂ ਤੇ ਨੀਵੇਂ ਘਰਾਂ ਦੇ ਵਿੱਚ ਛੱਪੜ ਦਾ ਇਹ ਗੰਦਾ ਪਾਣੀ ਆ ਜਾਂਦਾ ਹੈ। ਇਸ ਦੌਰਾਨ ਰੋਜ਼ਾਨਾ ਦੇ ਕੰਮਕਾਜ ਲਈ ਉਨ੍ਹਾਂ ਨੂੰ ਗਲੀਆਂ ਵਿੱਚ ਖੜੇ ਇਸ ਗੰਦੇ ਪਾਣੀ ਵਿੱਚੋਂ ਦੀ ਹੋ ਕੇ ਹੀ ਲੰਘਣਾ ਪੈਂਦਾ ਹੈ। ਇਸ ਦੇ ਨਾਲ ਹੀ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੋਣ ਕਾਰਨ ਉਹ ਬੱਚਿਆਂ ਨੂੰ ਸਕੂਲ ਤੱਕ ਨਹੀਂ ਭੇਜਦੇ ਕਿਉਂਕਿ ਉਹ ਆਪ ਤਾਂ ਮੁਸ਼ਕਿਲ ਦੇ ਨਾਲ ਇਸ ਪਾਣੀ ਦੇ ਵਿੱਚੋਂ ਲੰਘਦੇ ਹੀ ਹਨ। ਬੱਚੇ ਜਦੋਂ ਇਸ ਪਾਣੀ ਦੇ ਵਿੱਚੋਂ ਹੋ ਕੇ ਲੰਘਦੇ ਹਨ ਤਾਂ ਸਕੂਲ ਦੀ ਵਰਦੀ ਸਮੇਤ ਬੈਗ ਤੱਕ ਗੰਦੇ ਪਾਣੀ ਦੇ ਨਾਲ ਖਰਾਬ ਹੋ ਜਾਂਦੇ ਹਨ।
ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਤਿੱਖਾ ਵਿਰੋਧ : ਪਿੰਡ ਵਾਸੀਆਂ ਨੇ ਰੋਸ ਭਰੇ ਲਹਿਜੇ ਦੇ ਵਿੱਚ ਕਿਹਾ ਹੈ ਕਿ ਜੇਕਰ ਜਲਦ ਹੀ ਪ੍ਰਸ਼ਾਸਨ ਨੇ ਉਨਾਂ ਦੀ ਸਮੱਸਿਆ ਦਾ ਹੱਲ ਕੱਢਣ ਦੇ ਲਈ ਕੋਈ ਠੋਸ ਪ੍ਰਬੰਧ ਨਾ ਕੀਤਾ ਤਾਂ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਤਿੱਖਾ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ : ਉੱਧਰ ਇਸ ਸਬੰਧੀ ਐਸਡੀਐਮ ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ। ਇਹ ਮਾਮਲਾ ਹੁਣ ਪਤਾ ਲੱਗਣ 'ਤੇ ਉਨ੍ਹਾਂ ਵੱਲੋਂ ਬੀਡੀਪੀਓ ਰਈਆ ਨੂੰ ਫੋਨ ਦੇ ਉੱਤੇ ਹਦਾਇਤ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਪਿੰਡ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਅਧਿਕਾਰੀ ਅਣਗਹਿਲੀ ਵਰਤਦਾ ਹੈ ਤਾਂ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।