ਲੁਧਿਆਣਾ: ਇੱਕ ਪਾਸੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਗਲੋਬਲ ਵਾਰਮਿੰਗ ਦੇ ਕਰਕੇ ਮੌਸਮੀ ਤਬਦੀਲੀਆਂ ਵੱਧ ਰਹੀਆਂ ਹਨ। ਉੱਥੇ ਹੀ ਇਨ੍ਹਾਂ ਦਾ ਆਮ ਮਨੁੱਖੀ ਜਨ ਜੀਵਨ ਦੇ ਨਾਲ ਫਸਲਾਂ 'ਤੇ ਵੀ ਕਾਫੀ ਪ੍ਰਭਾਵ ਪੈ ਰਿਹਾ ਹੈ। ਫਸਲਾਂ ਮੌਸਮ ਦੇ ਅਨੁਕੂਲ ਹੁੰਦੀਆਂ ਹਨ ਅਤੇ ਮੌਸਮ ਦੇ ਵਿੱਚ ਤਬਦੀਲੀਆਂ ਦੇ ਕਾਰਨ ਫਸਲਾਂ ਦੇ ਅੰਦਰ ਵੀ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਇਸ ਵਾਰ ਮੌਨਸੂਨ ਨੂੰ ਲੈ ਕੇ ਚੰਗੀ ਭਵਿੱਖਬਾਣੀ ਕੀਤੀ ਗਈ ਸੀ। ਪਰ ਮੌਜੂਦਾ ਹਾਲਾਤਾਂ ਦੇ ਵਿੱਚ ਪੀਏਯੂ ਮਾਹਿਰਾਂ ਦੇ ਮੁਤਾਬਿਕ ਹੁਣ ਤੱਕ 44 ਫੀਸਦੀ ਪਿਛਲੇ ਸਾਲਾਂ ਦੇ ਮੁਕਾਬਲੇ ਘੱਟ ਬਾਰਿਸ਼ ਵੇਖਣ ਨੂੰ ਮਿਲੀ ਹੈ। ਜਿਸ ਕਾਰਨ ਝੋਨੇ ਨੂੰ ਪਾਣੀ ਲਾਉਣ ਦੇ ਲਈ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ। ਮੋਟਰਾਂ ਚਲਾਉਣ ਕਰਕੇ ਬਿਜਲੀ ਦੀ ਵੀ ਖਪਤ ਵੱਧ ਹੋ ਰਹੀ ਹੈ।
ਪਿਛਲੇ ਸਾਲਾਂ ਦੇ ਅੰਕੜੇ: ਪਿਛਲੇ ਦੋ ਸਾਲਾਂ ਦੇ ਅੰਕੜਿਆਂ 'ਤੇ ਜ਼ਿਕਰ ਨਜ਼ਰ ਮਾਰੀ ਜਾਵੇ ਤਾਂ ਸਾਲ 2022 ਦੇ ਵਿੱਚ ਜੂਨ ਮਹੀਨੇ ਅੰਦਰ 70.6 MM ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ 2023 ਜੂਨ ਮਹੀਨੇ ਦੇ ਵਿੱਚ 94 MM ਬਾਰਿਸ਼ ਹੋਈ, ਜੂਨ ਮਹੀਨੇ ਦੇ ਵਿੱਚ ਆਮ 82.8 MM ਮੀਂਹ ਪੈਂਦਾ ਹੈ। ਜੁਲਾਈ ਮਹੀਨੇ ਦੇ ਵਿੱਚ ਆਮ ਬਾਰਿਸ਼ 220.4 MM ਹੁੰਦੀ ਹੈ ਜਦੋਂ ਕਿ ਇਸ ਸਾਲ ਹੁਣ ਤੱਕ 110 MM ਹੀ ਹੋ ਸਕੀ ਹੈ। ਜੋ ਕਿ ਆਮ ਨਾਲੋਂ 50 ਫੀਸਦੀ ਲੁਧਿਆਣਾ ਦੇ ਵਿੱਚ ਘੱਟ ਹੈ। ਇਸੇ ਤਰ੍ਹਾਂ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2022 ਦੇ ਵਿੱਚ ਜੁਲਾਈ ਮਹੀਨੇ ਅੰਦਰ 323.8 MM ਬਾਰਿਸ਼ ਜਦੋਂ ਕਿ 2023 ਦੇ ਵਿੱਚ 212.4 MM ਬਾਰਿਸ਼ ਦਰਜ ਹੋਈ ਹੈ।
ਵਾਤਾਵਰਨ ਬਦਲਾਵ ਵਿਭਾਗ: ਅਗਸਤ ਮਹੀਨੇ ਦੇ ਵਿੱਚ ਆਮ ਤੌਰ ਤੇ 190.3 MM ਬਾਰਿਸ਼ ਹੁੰਦੀ ਹੈ, ਜਦਕਿ 2022 ਦੇ ਵਿੱਚ 59.3 MM ਅਤੇ 2023 ਦੇ ਵਿੱਚ 77 MM ਬਾਰਿਸ਼ ਲੁਧਿਆਣਾ ਦੇ ਵਿੱਚ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਸਤੰਬਰ ਮਹੀਨੇ ਦੇ ਵਿੱਚ ਆਮ ਬਾਰਿਸ਼ 106.2 MM ਸਤੰਬਰ 2022 ਦੇ ਵਿੱਚ 190 ਮਿਲੀਮੀਟਰ ਅਤੇ 2023 ਦੇ ਵਿੱਚ 55 MM ਹੀ ਦਰਜ ਕੀਤੀ ਗਈ ਹੈ। ਆਮ ਤੌਰ ਤੇ ਮੌਨਸੂਨ ਦੇ 177 ਦਿਨਾਂ ਦੇ ਵਿੱਚ 599.7 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਹੈ ਜਦੋਂ ਕਿ 2022 ਦੇ ਵਿੱਚ ਤਾਂ ਇਸ ਤੋਂ ਉੱਪਰ 643.7 ਮਿਲੀਮੀਟਰ ਮੀਂਹ ਪਿਆ ਸੀ। ਜਦਕਿ 2023 ਦੇ ਵਿੱਚ 438.4 ਮਿਲੀਮੀਟਰ ਬਾਰਿਸ਼ ਹੋਈ ਜੋ ਕਿ ਆਮ ਨਾਲੋਂ ਵੀ ਘੱਟ ਸੀ। ਇਹ ਸਾਰਾ ਡਾਟਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਤਾਵਰਨ ਬਦਲਾਵ ਵਿਭਾਗ ਵੱਲੋਂ ਦਰਜ ਕੀਤਾ ਗਿਆ ਹੈ।
ਗਲੋਬਲ ਵਾਰਮਿੰਗ ਅਤੇ ਫਸਲਾਂ ਤੇ ਅਸਰ: ਮੌਸਮ ਦੇ ਵਿੱਚ ਆ ਰਹੀ ਆ ਤਬਦੀਲੀਆਂ ਦਾ ਭਾਵੇਂ ਮਨੁੱਖੀ ਸਿਹਤ 'ਤੇ ਅਸਰ ਹੋ ਰਿਹਾ ਹੈ ਪਰ ਇਸ ਤੋਂ ਜਿਆਦਾ ਅਸਰ ਸਾਡੀ ਬਨਸਪਤੀ 'ਤੇ ਹੁੰਦਾ ਹੈ। ਖਾਸ ਕਰਕੇ ਸਾਡੀਆਂ ਸੀਜ਼ਨ ਦੀਆਂ ਫਸਲਾਂ ਵਾਤਾਵਰਨ ਤੇ ਨਿਰਭਰ ਕਰਦੀਆਂ ਹਨ। ਜੇਕਰ ਸਲਾਨਾ ਵਾਤਾਵਰਨ ਤਬਦੀਲੀ ਦੀ ਗੱਲ ਕੀਤੀ ਜਾਵੇ ਤਾਂ ਖਰੀਫ ਅਤੇ ਰਬੀ ਸੀਜ਼ਨ ਦੇ ਵਿੱਚ ਸਲਾਨਾ ਐਵਰੇਜ 0.02 ਤੋਂ ਲੈ ਕੇ 0.06 ਸੈਲਸੀਅਸ ਤੱਕ ਤਾਪਮਾਨ ਵਧੀਆ ਹੈ। ਸੂਰਜ ਦੇ ਉੱਗਣ ਅਤੇ ਛਿਪਣ ਦਾ ਸਮਾਂ ਵੀ ਘੱਟ ਹੋਇਆ ਹੈ। ਇਸੇ ਤਰ੍ਹਾਂ ਸੁੱਕਾ ਜਿਆਦਾ ਵੱਧ ਰਿਹਾ ਹੈ ਅਤੇ ਬਾਰਿਸ਼ ਘੱਟ ਪੈ ਰਹੀ ਹੈ।
ਐਵਰੇਜ ਤਾਪਮਾਨ: ਪੰਜਾਬ ਦੇ ਵਿੱਚ ਪਿਛਲੇ ਪੰਜ ਦਹਾਕਿਆਂ ਦੇ ਅੰਦਰ ਤੇਜ਼ ਮੀਂਹ ਪੈਣ ਦੇ ਮਾਮਲਿਆਂ ਦੇ ਵਿੱਚ ਇਜਾਫਾ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਮੰਨਦੇ ਹਨ ਕਿ ਸਾਲ 2050 ਦੇ ਤੱਕ ਮੌਸਮ ਤਬਦੀਲੀਆਂ ਹੋਣ ਕਰਕੇ ਪੰਜਾਬ ਦੇ ਵਿੱਚ ਐਵਰੇਜ ਤਾਪਮਾਨ 1.0 ਤੋਂ ਲੈ ਕੇ 3.4 ਡਿਗਰੀ ਤੱਕ ਵੱਧ ਸਕਦਾ ਹੈ ਜੋ ਕਿ ਇਸ ਵਾਰ ਵੇਖਣ ਨੂੰ ਵੀ ਮਿਲਿਆ ਹੈ ਗਰਮੀਆਂ ਦੇ ਵਿੱਚ ਇਸ ਵਾਰ ਤਾਪਮਾਨ ਨੇ ਰਿਕਾਰਡ ਤੋੜੇ ਹਨ।
ਮੌਸਮ ਤਬਦੀਲੀਆਂ ਚਿੰਤਾ ਦਾ ਵਿਸ਼ਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਤਬਦੀਲੀਆਂ ਕਾਫੀ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਸਿੱਧਾ ਅਸਰ ਫਸਲਾਂ ਤੇ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਦਾ ਇੱਕ ਵੱਡਾ ਕਾਰਨ ਗਲੋਬਲ ਵਾਰਮਿੰਗ ਹੈ, ਇਹੀ ਕਾਰਨ ਹੈ ਕਿ ਪਿਛਲੇ ਸਾਲਾਂ ਦੇ ਦੌਰਾਨ ਮੌਸਮ ਦੇ ਵਿੱਚ ਤਬਦੀਲੀਆਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਜਿਵੇਂ ਇਸ ਸਾਲ ਠੰਡ ਵੀ ਜਿਆਦਾ ਹੋਈ ਹੈ ਕੋਲਡ ਡੇਜ਼ ਵੇਖਣ ਨੂੰ ਮਿਲੇ ਹਨ ਭਾਵ ਕਿ ਰਾਤ ਦੇ ਮੁਕਾਬਲੇ ਦਿਨ ਦੇ ਵਿੱਚ ਜ਼ਿਆਦਾ ਠੰਡ ਵੇਖਣ ਨੂੰ ਮਿਲੀ ਹੈ।
ਉੱਥੇ ਹੀ ਦੂਜੇ ਪਾਸੇ ਤਾਪਮਾਨ ਦੇ ਵਿੱਚ ਵੀ ਰਿਕਾਰਡ ਤੋੜ ਇਜਾਫਾ ਵੇਖਣ ਨੂੰ ਮਿਲਿਆ ਹੈ ਤਾਪਮਾਨ 46 ਤੋਂ 47 ਡਿਗਰੀ ਤੋਂ ਪਾਰ ਹੋ ਗਏ ਜੋ ਕਿ ਕਦੇ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਆਪਣੇ ਵਾਤਾਵਰਨ ਚੁਗਿਰਦੇ ਦੀ ਸਾਂਭ ਸੰਭਾਲ ਨਹੀਂ ਕੀਤੀ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ।