ਅੰਮ੍ਰਿਤਸਰ: ਪੂਰੇ ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਅਤੇ ਪਿੰਡਾਂ ਦੇ ਵਿੱਚ ਪਿੰਡ ਵਾਸੀਆਂ 'ਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਮੂਲੇਚੱਕ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਆਪਣੇ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਪਹੁੰਚ ਰਹੇ ਹਨ। ਇਸ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਪਿੰਡਾਂ ਦੇ ਵਿੱਚੋਂ ਲੋਕ ਉਤਸ਼ਾਹ ਦੇ ਨਾਲ ਆਪਣੇ ਉਮੀਦਵਾਰ ਨੂੰ ਵੋਟ ਕਰਨ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੀ ਵੋਟਾਂ ਨੂੰ ਲੈ ਕੇ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ।
ਨਾ ਹੀ ਕੋਈ ਗਰਾਊਂਡ ਹੈ ਤੇ ਨਾ ਹੀ ਪਿੰਡ ਵਿੱਚ ਕੋਈ ਡਿਸਪੈਂਸਰੀ
ਇਸ ਦੌਰਾਨ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਦੇ ਮੁੱਦੇ 'ਤੇ ਆਪਣੇ ਪਸੰਦੀ ਦਾ ਉਮੀਦਵਾਰ ਨੂੰ ਵੋਟ ਕਰਨ ਆਏ ਹਨ। ਜਿਸ ਨੂੰ ਵੀ ਉਹ ਵੋਟ ਕਰਨਗੇ, ਉਹ ਪਿੰਡ ਦੇ ਵਿਕਾਸ ਦੇ ਲਈ ਚੰਗੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਬੱਚਿਆਂ ਦੇ ਖੇਡਣ ਦੀ ਨਾ ਹੀ ਕੋਈ ਗਰਾਊਂਡ ਹੈ ਅਤੇ ਨਾ ਹੀ ਪਿੰਡ ਵਿੱਚ ਕੋਈ ਡਿਸਪੈਂਸਰੀ ਹੈ। ਜੇਕਰ ਕੱਲ੍ਹ ਨੂੰ ਕੋਈ ਬਿਮਾਰ ਹੁੰਦਾ ਹੈ ਤਾਂ ਦੂਰ ਦੁਰਾਡੇ ਜਾਕੇ ਦਵਾ ਦਾਰੂ ਲੈਣ ਜਾਣਾ ਪੈਂਦਾ ਹੈ। ਜੇਕਰ ਪਿੰਡ ਵਿੱਚ ਗਰਾਊਂਡ ਹੋਵੇਗਾ ਤਾਂ ਹੀ ਬੱਚੇ ਖੇਡਣਗੇ ਅਤੇ ਉਨ੍ਹਾਂ ਦੇ ਸ਼ਰੀਰ ਤੰਦਰੁਸਤ ਰਹਿਣਗੇ।
ਨਿੱਕੇ-ਨਿੱਕੇ ਬੱਚੇ ਨਸ਼ਾ ਕਰ ਰਹੇ
ਉੱਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਘਰ-ਘਰ ਵਿੱਚ ਨਸ਼ਾ ਵਿਕ ਰਿਹਾ ਹੈ। ਨਿੱਕੇ-ਨਿੱਕੇ ਬੱਚੇ ਨਸ਼ਾ ਕਰ ਰਹੇ ਹਨ। ਜਿਸ ਦੇ ਚਲਦੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਵੀ ਨਵਾਂ ਸਰਪੰਚ ਬਣੇ ਉਹ ਨਸ਼ੇ 'ਤੇ ਨੱਥ ਪਾਵੇ ਤਾਂ ਜੋ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ। ਉੱਥੇ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ। ਵੋਟ ਸਾਡਾ ਹੱਕ ਹੈ ਜੇਕਰ ਅਸੀਂ ਵੋਟ ਪਾਵਾਂਗੇ ਤਾਂ ਹੀ ਚੰਗਾ ਸਰਪੰਚ ਚੁਣ ਸਕਾਂਗੇ ਤਾਂ ਹੀ ਸਾਡੇ ਪਿੰਡ ਦਾ ਸਹੀ ਤਰੀਕੇ ਨਾਲ ਵਿਕਾਸ ਹੋ ਸਕੇਗਾ।