ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਰਹਿੰਦੀ ਹੈ। ਬੀਤੇ ਦਿਨੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਖਾਨ ਵਾਲੇ ਭੋਜਨ ਦੇ ਰੇਟ 27 ਰੁਪਏ ਤੋਂ ਵਧਾ ਕੇ 32 ਰੁਪਏ ਕਰ ਦਿੱਤੇ ਗਏ। ਜਿਸ ਕਾਰਨ ਵਿਦਿਆਰਥੀਆਂ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਸੀ, ਉੱਥੇ ਹੀ ਅੰਬੇਦਕਰ ਹੋਸਟਲ ਦੀਆਂ ਲੜਕੀਆਂ ਨੇ ਬੀਤੀ ਰਾਤ ਡੀਨ ਦੇ ਘਰ ਨੂੰ ਘੇਰ ਲਿਆ ਗਿਆ। ਉਹਨਾਂ ਨੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਕਿ ਜਿਹੜੇ ਕੰਟੀਨ ਦੇ ਠੇਕੇਦਾਰ ਹਨ। ਉਹਨਾਂ ਵੱਲੋਂ ਗੰਦਾ ਅਤੇ ਸਿਹਤ ਲਈ ਹਾਨੀਕਾਰਕ ਭੋਜਨ ਮਹਿੰਗੇ ਰੇਟਾਂ ਵਿੱਚ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਜਿਸ ਦੇ ਸਬੂਤ ਵਜੋਂ ਉਹਨਾਂ ਵੱਲੋਂ ਚੌਲ (ਚਾਵਲ) ਦਿਖਾਏ ਗਏ, ਜਿਸ ਵਿੱਚ ਸੁੰਡੀਆਂ ਸਾਫ ਨਜ਼ਰ ਆ ਰਹੀਆਂ ਹਨ।
ਬਾਥਰੂਮ ਸਾਫ਼ ਸਫ਼ਾਈ ਵਜੋਂ ਬਹੁਤ ਹੀ ਗੰਦੇ ਹਨ: ਇਸੇ ਰੋਸ ਤੋਂ ਉਹਨਾਂ ਨੇ ਬੀਤੀ ਰਾਤ ਡੀਨ ਦਾ ਘਰ ਘੇਰਿਆ ਅਤੇ ਗੱਲਬਾਤ ਦੇ ਭਰੋਸੇ ਤੋਂ ਵਾਪਸ ਪਰਤੇ। ਇੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬੇਦਕਰ ਹੋਸਟਲ ਦੀ ਇੱਕ ਵਿਦਿਆਰਥਨ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਜਿੱਥੇ ਦੋ ਲੜਕੀਆਂ ਨੂੰ ਕਮਰਾ ਅਲਾਟ ਹੁੰਦਾ ਹੈ, ਉੱਥੇ ਤਿੰਨ ਨੂੰ ਕੀਤਾ ਜਾ ਰਿਹਾ ਹੈ। ਜਿੱਥੇ ਅੱਠ ਨੂੰ ਅਲਾਟ ਹੁੰਦਾ ਹੈ, ਉੱਥੇ 28 ਲੜਕੀਆਂ ਨੂੰ ਅਲਾਟ ਕੀਤਾ ਜਾ ਰਿਹਾ ਹੈ। ਇਸੇ ਨਾਲ ਉਹਨਾਂ ਇਹ ਵੀ ਕਿਹਾ ਕਿ ਬਾਥਰੂਮ ਸਾਫ਼ ਸਫ਼ਾਈ ਵਜੋਂ ਬਹੁਤ ਹੀ ਗੰਦੇ ਹਨ। ਇਮਾਰਤ ਤੋਂ ਵੱਡੇ ਵੱਡੇ ਪਲਸਤਰ ਦੇ ਟੁੱਕੜੇ ਗਿਰਦੇ ਹਨ, ਜਿਸ ਤੋਂ ਹਮੇਸ਼ਾ ਉਹਨਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ।
ਹੋਰ ਰੋਜ਼ ਹੋਸਟਲ ਵਿੱਚ ਐਂਬੂਲੈਂਸ ਆਉਂਦੀ ਹੈ: ਇੱਕ ਵਿਦਿਆਰਥਨ ਸ਼ਮਨਦੀਪ ਨੇ ਬੋਲਦੇ ਹੋਏ ਕਿਹਾ ਖਾਣੇ ਦੀ ਮਾੜੀ ਕੁਆਲਟੀ ਕਰਕੇ ਆਏ ਦਿਨ ਹੋਸਟਲ ਵਿੱਚ ਐਮਬੂਲੈਂਸ ਆਉਂਦੀ ਹੈ। ਕਿਉਂਕਿ ਇਸ ਤਰ੍ਹਾਂ ਦਾ ਖਾਣਾ ਖਾਣ ਨਾਲ ਹਰ ਰੋਜ਼ ਹੀ ਕਿਸੇ ਨਾ ਕਿਸੇ ਵਿਦਿਆਰਥੀ ਦੀ ਸਿਹਤ ਖ਼ਰਾਬ ਹੁੰਦੀ ਹੈ। ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਅਸੀਂ ਡੀਨ ਨੂੰ ਇਸ ਕਰਕੇ ਘੇਰਿਆ ਕਿਉਂਕਿ ਉਹਨਾਂ ਵੱਲੋਂ ਸਾਨੂੰ ਗੋਲ ਗੋਲ ਘੁਮਾਇਆ ਜਾ ਰਿਹਾ ਸੀ, ਕਦੇ ਇਸ ਦਫਤਰ ਅਤੇ ਕਦੇ ਉਸ ਦਫਤਰ ਕਹਿ ਕੇ ਸਾਨੂੰ ਜਲੀਲ ਕੀਤਾ ਜਾ ਰਿਹਾ ਸੀ। ਇਸ ਕਰਕੇ ਰਾਹ ਦੇ ਵਿੱਚ ਰੋਸ ਦੇ ਕਾਰਨ ਉਹਨਾਂ ਵੱਲੋਂ ਡੀਨ ਨੂੰ ਘੇਰ ਕੇ ਦਫ਼ਤਰ ਲਿਆਉਣਾ ਪਿਆ।
ਮੀਡੀਆ ਤੋਂ ਕਤਰਾਉਂਦੇ ਨਜ਼ਰ ਆਏ ਡੀਨ: ਡੀਨ ਮੋਨੀਕਾ ਚਾਵਲਾ ਦੇ ਸੁਭਾਅ ਦਾ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਚੇ ਪਰੇਸ਼ਾਨ ਹਨ ਅਤੇ ਉਹ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਥੋਂ ਤੱਕ ਕਿ ਉਹ ਮੀਡੀਆ ਸਾਹਮਣੇ ਵੀ ਕੁਝ ਬੋਲਣ ਤੋਂ ਕਤਰਾਉਂਦੇ ਨਜ਼ਰ ਆਏ। ਉਹਨਾਂ ਕਿਹਾ ਕਿ ਇਸ ਵਕਤ ਮੈਂ ਕੋਈ ਵੀ ਕਮੈਂਟ ਨਹੀਂ ਕਰ ਸਕਦੀ। ਅਸੀਂ ਇਸ ਸਮੱਸਿਆ ਨੂੰ ਜਲਦ ਹੱਲ ਕਰ ਲਵਾਂਗੇ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਵਿਦਿਆਰਥੀਆਂ ਨੂੰ ਰਹਿਣ ਲਈ ਸਹੀ ਸਹੂਲਤ ਅਤੇ ਖਾਣਾ ਅਤੇ ਸਾਫ ਸੁਥਰਾ ਪੌਸ਼ਕ ਖਾਣਾ ਮਿਲਦਾ ਹੈ ਜਾਂ ਫਿਰ ਇਹਨਾਂ ਨੂੰ ਇਸੇ ਤਰ੍ਹਾਂ ਸੰਘਰਸ਼ ਦਾ ਰਸਤਾ ਇਖਤਿਆਰ ਕਰਨਾ ਪਵੇਗਾ।