ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਅੱਜ ਭਾਜਪਾ ਆਗੂਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਧਰਨੇ ਉੱਤੇ ਬੈਠੇ ਅਤੇ ਉਹਨਾਂ ਦੇ ਨਾਲ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਰਹੇ, ਜਿਨ੍ਹਾਂ ਨੇ ਮੰਗ ਕੀਤੀ ਕਿ ਜੋ ਭਾਜਪਾ ਦੇ ਵਰਕਰ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਹਨ ਉਹਨਾਂ ਨੂੰ ਛੱਡਿਆ ਜਾਵੇ।
'ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ'
ਕਾਫੀ ਦੇਰ ਬਾਹਰ ਬੈਠੇ ਰਹਿਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਆਗੂ ਰਵਨੀਤ ਬਿੱਟੂ ਨੂੰ ਮਿਲਣ ਆਏ ਅਤੇ ਉਹਨਾਂ ਨੂੰ ਅੰਦਰ ਲੈਕੇ ਗਏ ਜਿਸ ਤੋਂ ਬਾਅਦ ਰਵਨੀਤ ਬਿੱਟੂ ਅਤੇ ਅਨਿਲ ਸਰੀਨ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਭਰੋਸਾ ਦਿੱਤਾ ਅਤੇ ਭਾਜਪਾ ਆਗੂਆਂ ਦੀ ਰਿਹਾਈ ਸਬੰਧੀ ਗੱਲ ਵੀ ਮੰਨ ਲਈ ਹੈ। ਨਾਲ ਹੀ ਪੁਲਿਸ ਨੇ ਕਿਹਾ ਕਿ ਭਲਕੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ।
'ਮੰਗਾਂ ਮੰਨਣ ਮਗਰੋਂ ਧਰਨੇ ਦੀ ਸਮਾਪਤੀ'
ਪੁਲਿਸ ਨੇ ਇਹ ਸਪੱਸ਼ਟ ਕੀਤਾ ਕਿ ਨਿਰਪੱਖ ਢੰਗ ਦੇ ਨਾਲ ਚੋਣਾਂ ਕਰਵਾਈਆਂ ਜਾਣਗੀਆਂ, ਜਿਸ ਤੋਂ ਬਾਅਦ ਧਰਨਾ ਖਤਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੀਡੀਆ ਦਾ ਇਸ ਵਿੱਚ ਵੱਡਾ ਰੋਲ ਰਿਹਾ ਹੈ। ਮੀਡੀਆ ਦੇ ਦਬਾਅ ਕਰਕੇ ਹੀ ਪੁਲਿਸ ਨੂੰ ਇਹ ਗੱਲ ਮੰਨਣੀ ਪਈ ਹੈ। ਰਵਨੀਤ ਬਿੱਟੂ ਨੇ ਦਾਅਵਾ ਕੀਤਾ ਕਿ ਜੋ ਭਾਜਪਾ ਦੇ ਮੰਡਲ ਵਾਈਸ ਪ੍ਰੈਜੀਡੈਂਟ ਨੂੰ ਗ੍ਰਿਫਤਾਰ ਕੀਤਾ ਸੀ ਉਸ ਨੂੰ ਹੁਣ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਧੱਕਾ ਸਾਡੇ ਵਰਕਰ ਨਾਲ ਨਹੀਂ ਹੋਣ ਦਿੱਤਾ ਜਾਵੇਗਾ।
'ਕੋਈ ਵੀ ਕਾਨੂੰਨ ਤੋਂ ਵੱਡਾ ਨਹੀਂ '
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੀਨੀਅਰ ਭਾਜਪਾ ਆਗੂ ਅਨਿਲ ਸਰੀਨ ਨੇ ਭਾਜਪਾ ਵਰਕਰਾਂ ਦੀ ਰਿਹਾਈ ਨੂੰ ਪੰਜਾਬ ਸਰਕਾਰ ਦੀ ਕਰਾਰੀ ਹਾਰ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਇੱਕਜੁੱਟਤਾ ਨੇ ਅੱਜ ਸਾਬਿਤ ਕਰ ਦਿੱਤਾ ਕਿ ਕਾਨੂੰਨ ਸਭ ਲਈ ਇੱਕ ਹੈ ਅਤੇ ਕੋਈ ਵੀ ਕਾਨੂੰਨ ਤੋਂ ਵੱਡਾ ਨਹੀਂ ਹੈ।