ਸੰਗਰੂਰ: ਇੱਕ ਪਾਸੇ ਜਿਥੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਗੱਲ ਆਖੀ ਜਾਂਦੀ ਰਹੀ ਹੈ ਪਰ ਦੂਜੇ ਪਾਸੇ ਕੋਈ ਨਾ ਕੋਈ ਵਰਗ ਸਰਕਾਰ ਖਿਲਾਫ਼ ਸੜਕਾਂ 'ਤੇ ਸੰਘਰਸ਼ ਕਰ ਰਿਹਾ ਹੈ। ਇਸ ਵਿਚਾਲੇ ਅਣਏਡਿਡ ਪੰਜਾਬ ਯੂਨੀਅਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ।
ਪੁਲਿਸ ਤੇ ਅਧਿਆਪਕਾਂ ਵਿਚਲੇ ਧੱਕਾਮੁੱਕੀ: ਇਸ ਦੌਰਾਨ ਅੱਜ ਉਨ੍ਹਾਂ ਵਲੋਂ ਵੱਡੇ ਸੰਘਰਸ਼ ਦੇ ਚੱਲਦੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ ਕਰ ਰਹੇ ਅਣਏਡਿਡ ਮੁਲਾਜ਼ਮਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਇਸ ਦੌਰਾਨ ਕਈ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ ਤੇ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ ਗਿਆ।
ਮੁੱਖ ਮੰਤਰੀ ਮਾਨ ਨੇ ਨਹੀਂ ਲਈ ਸਾਰ: ਇਸ ਮੌਕੇ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਵਾਲਿਆਂ ਨੇ ਜੋ ਉਹਨਾਂ ਦੇ ਨਾਲ ਮਹਿਲਾ ਅਧਿਆਪਕਾਵਾਂ ਸੀ, ਉਹਨਾਂ ਦੇ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਗਵੰਤ ਮਨ ਸਰਕਾਰ ਵੱਡੇ-ਵੱਡੇ ਵਾਅਦੇ ਕਰ ਰਹੀ ਹੈ ਕਿ ਲੋਕਾਂ ਨੂੰ ਵੱਡੇ-ਵੱਡੇ ਪ੍ਰੋਜੈਕਟ ਦਿੱਤੇ ਜਾਣਗੇ ਜਿਸ ਨਾਲ ਬੇਰਜਗਾਰੀ ਦੂਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਕਿਹਾ ਸੀ ਕਿ ਧੀਆਂ ਭੈਣਾਂ ਦੇ ਨਾਲ ਸਾਡੀ ਸਰਕਾਰ ਬਣਨ ਤੋਂ ਬਾਅਦ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਪਰ ਹੁਣ ਤੱਕ ਮੁੱਖ ਮੰਤਰੀ ਮਾਨ ਵਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਤੇ ਨਾ ਹੀ ਮੀਟਿੰਗ ਦਾ ਹੁਣ ਤੱਕ ਕੋਈ ਸਮਾਂ ਦਿੱਤਾ ਹੈ।
ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸੀ ਵਾਅਦੇ: ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਲ 2008 ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਤੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਧਰਨੇ 'ਤੇ ਬੈਠਿਆਂ ਨੂੰ ਸਾਨੂੰ ਇਹ ਗੱਲ ਕਹਿ ਕੇ ਆਏ ਸਨ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ। ਜਿਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਅਤੇ ਇੰਨ੍ਹਾਂ ਦੇ ਜੋ ਉਮੀਦਵਾਰ ਸਨ, ਉਹਨਾਂ ਦੇ ਨਾਲ ਡੋਰ ਟੂ ਡੋਰ ਜਾ ਕੇ ਪ੍ਰਚਾਰ ਕੀਤਾ ਤੇ ਇੰਨ੍ਹਾਂ ਦੀ ਸਰਕਾਰ ਬਣਾਉਣ 'ਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਨਾ ਹੀ ਮੀਟਿੰਗ ਦਾ ਸਮਾਂ ਦਿੱਤਾ। ਅਧਿਆਪਕਾਂ ਦਾ ਕਹਿਣਾ ਕਿ ਸਿੱਖਿਆ ਮੰਤਰੀ ਨਾਲ ਦੋ ਵਾਰ ਮੀਟਿੰਗ ਜ਼ਰੂਰ ਹੋਈ ਪਰ ਉਹ ਵੀ ਬੇਸਿੱਟਾ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਸਾਡੀਆਂ ਮੰਗਾਂ ਜੇ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਵੱਡਾ ਸੰਘਰਸ਼ ਕਰਾਂਗੇ।