ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਹਿੰਦੂ ਨੇਤਾ ਦੇ ਘਰ ਦੋ ਅਣਪਛਾਤੇ ਲੋਕਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਹਿੰਦੂ ਨੇਤਾ ਦੀ ਕਾਰ ਨੂੰ ਨੁਕਸਾਨ ਪਹੁੰਚਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਥਾਣਾ ਹੈਬੋਵਾਲ ਅਤੇ ਚੌਕੀ ਜਗਤਪੁਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ।
ਖੁਦ ਆਪਣੀ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ
ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਆਉਂਦੇ ਹਨ ਅਤੇ ਹਮਲਾ ਕਰਕੇ ਚਲੇ ਜਾਂਦੇ ਹਨ। ਸ਼ਿਵ ਸੈਨਾ ਦੇ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀ ਸਨ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਦਫਤਰ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰੀ ਕਾਰ ਨੂੰ ਵੀ ਅੱਗ ਲੱਗ ਗਈ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਅਤੇ ਉਨ੍ਹਾਂ ਨੇ ਖੁਦ ਆਪਣੀ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ। ਸ਼ਿਵ ਸੈਨਾ ਦੇ ਆਗੂ ਨੇ ਕਿਹਾ ਕਿ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ 'ਤੇ ਕਾਰਵਾਈ ਕਰੇ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।
ਬਾਈਕ ਸਵਾਰਾਂ ਦੀ ਭਾਲ ਵਿੱਚ ਜੁਟੀ ਪੁਲਿਸ
ਦੱਸ ਦੇਈਏ ਕਿ ਪਿਛਲੇ ਮਹੀਨੇ ਸ਼ਿਵ ਸੈਨਾ ਦੇ ਆਗੂ ਗੋਰਾ ਥਾਪਰ 'ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੈਲਮੇਟ ਦੇ ਵਿੱਚ ਸਵਾਰ ਇਹ ਬਾਈਕ ਸਵਾਰਾਂ ਦੀ ਭਾਲ ਵਿੱਚ ਪੁਲਿਸ ਜੁਟੀ ਹੋਈ ਹੈ। ਹਾਲਾਂਕਿ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਪੁਲਿਸ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ ਪਰ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਜਰੂਰ ਕਹੀ ਹੈ।