ਲੁਧਿਆਣਾ: ਜਿਥੇ ਅੱਜ ਪੰਜਾਬ ਦੇ ਨੌਜਵਾਨ ਪੈਸੇ ਕਮਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਿਦੇਸ਼ਾਂ ਦਾ ਰੁਖ਼ ਅਖ਼ਤਿਆਰ ਕਰ ਰਹੀ ਹੈ, ਉਥੇ ਹੀ ਲੁਧਿਆਣਾ ਦੇ ਫੁੱਲਾਂਵਾਲ 'ਚ ਦੋ ਸਕੇ ਭੈਣ ਭਰਾ ਹਨ ਜਿੰਨਾ ਨੇ ਪੰਜਾਬ ਵਿੱਚ ਰਹ ਕੇ ਹੀ ਲੱਖਾਂ ਕਮਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਦਰਅਸਲ ਇਹ ਦੋਵੇਂ ਭੈਣ ਭਰਾ ਲੁਧਿਆਣਾ ਵਿੱਚ ਹੀ ਕੇਸਰ ਦੀ ਖੇਤੀ ਕਰ ਰਹੇ ਹਨ । ਜਿਸ ਨਾਲ ਉਹਨਾਂ ਨੂੰ ਲੱਖਾਂ ਰੁਪਏ ਦੀ ਆਮਦ ਦੀ ਉਮੀਦ ਹੈ। ਇਹਨਾਂ ਹੀ ਨਹੀਂ ਲੜਕੀ ਆਸਤਿਕਾ ਅਤੇ ਉਸ ਦਾ ਭਰਾ ਸ਼ੰਕਰ ਕੇਸਰ ਨੂੰ ਵਿਦੇਸ਼ਾਂ ਤਕ ਸਪਲਾਈ ਕਰਨ ਦਾ ਵੀ ਪਲਾਨ ਕਰ ਚੁਕੇ ਹਨ।
ਵਿਦੇਸ਼ਾਂ ਤੱਕ ਕੇਸਰ ਦੀ ਸਪਲਾਈ ਕਰਨ ਦੀ ਯੋੋਜਨਾ
ਦੱਸ ਦਈਏ ਕਿ ਕੇਸਰ ਦੀ ਖੇਤੀ ਕਸ਼ਮੀਰ ਦੇ ਵਿੱਚ ਹੁੰਦੀ ਹੈ ਅਤੇ ਇਸ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਲਈ ਇਹਨਾਂ ਦੋਵਾਂ ਸਕੇ ਭੈਣ ਭਰਾਵਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਾਉਣ ਪਿੱਛੇ ਉਹਨਾਂ ਦੇ ਪਿਤਾ ਦਾ ਹੱਥ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾਉਣ ਦੀ ਇੱਛਾ ਰੱਖਦੇ ਹਨ, ਉਹ ਆਪਣੇ ਸ਼ਹਿਰ ਅਤੇ ਆਪਣੇ ਦੇਸ਼ ਵਿੱਚ ਹੀ ਵਧੀਆ ਪੈਸਾ ਅਤੇ ਮੁਨਾਫਾ ਕਮਾ ਸਕਦੇ ਹਨ।
ਆਸਤਿਕਾ ਅਤੇ ਸ਼ੰਕਰ ਦਾ ਕਹਿਣਾ ਹੈ ਕਿ ਇਸ ਕੇਸਰ ਦੀ ਡਿਮਾਂਡ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਹੈ, ਫਿਲਹਾਲ ਉਹ 800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਇਸ ਦੀ ਵਿਕਰੀ ਕਰ ਰਹੇ ਹਨ, ਪਰ ਉਹਨਾਂ ਦਾ ਮੁੱਖ ਮਕਸਦ ਇਸ ਨੂੰ ਵਿਦੇਸ਼ ਵਿੱਚ ਐਕਸਪੋਰਟ ਕਰਨਾ ਹੈ ਜਿਸ ਨੂੰ ਲੈ ਕੇ ਉਹਨਾਂ ਨੂੰ ਵਿਦੇਸ਼ ਤੋਂ ਆਰਡਰ ਆਉਣੇ ਵੀ ਸ਼ੁਰੂ ਹੋ ਗਏ ਹਨ ਅਤੇ ਉਮੀਦ ਹੈ ਕਿ ਲੱਖਾਂ ਦੀ ਆਮਦਨ ਹੋਵੇਗੀ।
ਕਿਵੇਂ ਕੀਤੀ ਕੇਸਰ ਖੇਤੀ ਦੀ ਸ਼ੁਰੂਆਤ
ਜ਼ਿਕਰਯੋਗ ਹੈ ਕਿ ਕੇਸਰ ਦੀ ਖੇਤੀ ਲਈ ਢੁਕਵੇਂ ਮੌਸਮ ਦੀ ਲੋੜ ਪੈਂਦੀ ਹੈ ਕਿਉਂਕਿ ਅੰਦਰ ਡਿਗਰੀ ਤੋਂ ਹੇਠਾਂ ਦੇ ਟੈਂਪਰੇਚਰ ਦੇ ਵਿੱਚ ਹੀ ਕੇਸਰ ਦੀ ਖੇਤੀ ਸੰਭਵ ਹੈ। ਉਥੇ ਹੀ ਇਹਨਾਂ ਭੈਣ ਭਰਾ ਨੇ ਅਗਸਤ ਮਹੀਨੇ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਕੇਸਰ ਦੀ ਖੇਤੀ ਜਿਆਦਾਤਰ ਕਸ਼ਮੀਰ ਦੇ ਵਿੱਚ ਹੁੰਦੀ ਹੈ ਪਰ ਹੁਣ ਉੱਥੇ ਵੀ ਗਰਮੀ ਵਧਣ ਲੱਗ ਗਈ। ਕੇਸਰ ਦੀ ਖੇਤੀ ਨੂੰ ਵੱਖ-ਵੱਖ ਪੜਾਅ ਤੇ ਵੱਖ-ਵੱਖ ਟੈਂਪਰੇਚਰ ਦੀ ਲੋੜ ਹੁੰਦੀ ਹੈ। ਜਦੋਂ ਇਹ ਬੁੱਟਾ ਬਿਲਕੁਲ ਛੋਟਾ ਹੁੰਦਾ ਹੈ ਉਦੋਂ ਪੰਜ ਡਿਗਰੀ ਤੱਕ ਟੈਂਪਰੇਚਰ ਵੀ ਕਰਨਾ ਪੈਂਦਾ ਹੈ। ਇਸ ਕਰਕੇ ਉਹਨਾਂ ਨੇ ਇੱਕ 14/45 ਦਾ ਇੰਨਡੋਰ ਕਮਰਾ ਬਣਾਇਆ ਹੋਇਆ, ਜਿਸ ਨੂੰ ਪੂਰੀ ਤਰ੍ਹਾਂ ਏਅਰ ਪ੍ਰੂਫ ਬਣਾਇਆ ਗਿਆ ਹੈ। ਜਿਸ ਨਾਲ ਸੁਖਾਲੇ ਢੰਗ ਨਾਲ ਹੀ ਕੇਸਰ ਦੀ ਖੇਤੀ ਹੋ ਸਕਦੀ ਹੈ।
ਕਿੰਨੀ ਆਉਂਦੀ ਹੈ ਖੇਤੀ 'ਚ ਲਾਗਤ
ਅਸਤੀਕ ਅਤੇ ਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਇਸ ਪ੍ਰੋਜੈਕਟ ਤੇ 50 ਲੱਖ ਰੁਪਏ ਦੇ ਕਰੀਬ ਖਰਚੇ ਹਨ, ਪਰ ਇਹ ਘੱਟ ਖਰਚੇ 'ਤੇ ਵੀ ਹੋ ਸਕਦਾ ਹੈ। 5 ਲੱਖ ਰੁਪਏ ਤੋਂ ਵੀ ਇਸ ਦੀ ਸ਼ੁਰੂਆਤ ਹੋ ਸਕਦੀ ਹੈ ਅਤੇ ਜ਼ਿਆਦਾ ਥਾਂ ਦੀ ਵੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪੂਰਾ ਪ੍ਰੋਜੈਕਟ ਵੱਡਾ ਏਅਰ ਕੰਡੀਸ਼ਨਰ ਦਾ ਲਗਾਇਆ ਗਿਆ ਹੈ, ਪਰ ਘਰ ਦੇ ਵਿੱਚ ਇੱਕ ਏਸੀ ਦੇ ਨਾਲ ਵੀ ਟੈਂਪਰੇਚਰ ਸਥਿਰ ਰੱਖਿਆ ਜਾ ਸਕਦਾ ਹੈ ਜਿਸ ਨਾਲ ਕੇਸਰ ਦੀ ਖੇਤੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਸ ਖੇਤੀ ਦੇ ਲਈ ਲਾਈਟਨਿੰਗ ਦੀ ਕਾਫੀ ਮਹੱਤਤਾ ਹੈ। ਪੀਲੀ ਰੰਗ ਦੀ ਰੋਸ਼ਨੀ ਕੇਸਰ ਨੂੰ ਸੂਰਜ ਦੀ ਰੋਸ਼ਨੀ ਵਰਗਾ ਅਹਿਸਾਸ ਕਰਵਾਉਂਦੀ ਹੈ ਅਤੇ ਦੂਜੇ ਪਾਸੇ ਬੈਂਗਣੀ ਰੰਗ ਦੀ ਲਾਈਟਾਂ ਕੇਸਰ ਦੇ ਫੁੱਲ ਨੂੰ ਉਹ ਰੰਗ ਪ੍ਰਦਾਨ ਕਰਦੀ ਹੈ।
ਖ਼ਾਸ ਸਿਖਲਾਈ ਤੋਂ ਬਾਅਦ ਕੀਤੀ ਸ਼ੁਰੂਆਤ
ਆਸਤਿਕਾ ਅਤੇ ਸ਼ੰਕਰ ਨੇ ਕਿਹਾ ਕਿ ਕੇਸਰ ਦੀ ਖੇਤੀ ਕਰਨ ਲਈ ਉਹਨਾਂ ਨੇ ਚੰਡੀਗੜ੍ਹ ਅਤੇ ਈਰਾਨ ਜਾ ਕੇ ਸਿਖਲਾਈ ਲਈ ਹੈ ਅਤੇ ਉਹ ਇਹ ਬੀਜ ਵੀ ਕਾਫੀ ਮਹਿੰਗਾ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਡੇਢ ਤੋਂ ਦੋ ਕਿੱਲੋ ਤੱਕ ਇਸ ਵਾਰ ਉਹਨਾਂ ਨੂੰ ਪ੍ਰੋਡਕਸ਼ਨ ਮਿਲ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਵਰਕਰਾਂ ਵੀ ਰੱਖੀਆਂ ਹੋਈਆਂ ਹਨ ਜੋ ਇਸ ਦੀ ਪੈਕਿੰਗ ਆਦਿ ਕਰਦੀਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਰਹਿ ਕੇ ਵੀ ਘੱਟ ਜਗ੍ਹਾ 'ਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਬਸ ਤੁਹਾਨੂੰ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਵਿਦੇਸ਼ਾਂ 'ਚ ਜਾਣ ਦੀ ਥਾਂ ਪੰਜਾਬ 'ਚ ਕਰੋ ਕਾਰੋਬਾਰ
ਕੋਮਾਂਤਰੀ ਪੱਧਰ 'ਤੇ ਕੇਸਰ ਦੀ ਕਾਫੀ ਮਹੱਤਤਾ ਹੈ ਅਤੇ ਇਸ ਦੀ ਕੀਮਤ ਵੀ ਕਾਫੀ ਜ਼ਿਆਦਾ ਮਿਲਦੀ ਹੈ। ਸ਼ੰਕਰ ਅਤੇ ਆਸਤੀਕਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਬਾਕੀ ਵਾਲੀ ਉਦਾਹਰਨ ਸੈੱਟ ਕਰਨ। ਹੋਰ ਨੌਜਵਾਨ ਵੀ ਉਹਨਾਂ ਕੋਲੋਂ ਆ ਕੇ ਇਸ ਦੀ ਖੇਤੀ ਸਿਖ ਸਕਦੇ ਹਨ। ਉਹਨਾਂ ਕਿਹਾ ਕਿ ਇਸ ਫਸਲ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਪੈਂਦੀ ਹੈ। ਪਰਿਵਾਰ ਦਾ ਵੀ ਉਹਨਾਂ ਨੂੰ ਇਸ ਵਿੱਚ ਪੂਰਾ ਸਹਿਯੋਗ ਮਿਲਦਾ ਹੈ ਕਿਉਂਕਿ ਉਹਨਾਂ ਦੇ ਪਿਤਾ ਨੂੰ ਸ਼ੁਰੂ ਤੋਂ ਹੀ ਖੇਤੀਬਾੜੀ ਦਾ ਕਾਫੀ ਸ਼ੌਂਕ ਰਿਹਾ ਹੈ ਅਤੇ ਉਨਾਂ ਦੇ ਸ਼ੌਕ ਨੂੰ ਹੀ ਉਹਨਾਂ ਨੇ ਅੱਗੇ ਇਸ ਨੂੰ ਆਪਣੇ ਰੁਜ਼ਗਾਰ ਵਜੋਂ ਬਣਾਇਆ ਹੈ ਦੋਵੇਂ ਹੀ ਭੈਣ ਭਰਾ ਪੜ੍ਹੇ ਲਿਖੇ ਹਨ। ਉਹਨਾਂ ਕਿਹਾ ਕਿ ਵਿਦੇਸ਼ ਜਾਣ ਲਈ ਪੈਸੇ ਖਰਚਣ ਦੀ ਥਾਂ ਤੇ ਜੇਕਰ ਭਾਰਤ ਵਿੱਚ ਰਹਿ ਕੇ ਹੀ ਕੋਈ ਆਪਣਾ ਕੰਮ ਕੀਤਾ ਜਾਵੇ ਤਾਂ ਇਸ ਦੇ ਵਿੱਚ ਵੀ ਕਾਫੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ।