ਸ੍ਰੀ ਮੁਕਤਸਰ ਸਾਹਿਬ: ਪੁਲਿਸ ਵੱਲੋਂ ਲਾਰੈਂਸ ਗਰੁੱਪ ਦੇ ਨਾਮ 'ਤੇ 30 ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਮੋਬਾਇਲ ਫੋਨ ਅਤੇ ਸਿਮ ਕਾਰਡ ਵੀ ਬਰਾਮਦ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮਨਮੀਤ ਸਿੰਘ ਢਿੱਲੋਂ ਕਪਤਾਨ ਪੁਲਿਸ (ਡੀ), ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਿਤੀ 16.02.2024 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸੀ.ਆਈ.ਏ. ਸਬ-ਇੰਸਪੈਕਟਰ ਤਰਸੇਮ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਕੋਟਕਪੂਰਾ ਚੌਂਕ ਸ੍ਰੀ ਮੁਕਤਸਰ ਸਾਹਿਬ ਨਾਕਾਬੰਦੀ ਕੀਤੀ ਹੋਈ ਸੀ, ਤਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਮਲੋਟ ਰੋਡ ਦੇ ਵਾਸੀ ਸੰਦੀਪ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ।
ਆਪਣੇ ਆਪ ਨੂੰ ਗੈਂਗਸਟਰ ਲਾਰੈਂਸ ਦੇ ਸਾਥੀ ਦੱਸਿਆ: ਐਸਪੀ ਡੀ ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੀੜਤ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਉਸ ਨੂੰ ਵਾਰ-ਵਾਰ ਫੋਨ ਕਾਲ ਕਰਦਾ ਹੈ ਅਤੇ ਆਪਣੇ-ਆਪ ਨੂੰ ਲਾਰੈਂਸ ਗਰੁੱਪ ਦਾ ਮੈਂਬਰ ਦੱਸ ਰਿਹਾ ਹੈ। ਉਸ ਨੂੰ ਡਰਾ-ਧਮਕਾ ਕੇ 30 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰ ਰਿਹਾ ਹੈ। ਫਿਰੌਤੀ ਮੰਗਣ ਵਾਲੇ ਵਿਅਕਤੀਆਂ ਦੀ ਛਾਣਬੀਨ ਕਰਨ ਉੱਤੇ ਉਸ ਨੂੰ ਪਤਾ ਲੱਗਾ ਹੈ ਕਿ ਸ਼ਹਿਰ ਬਠਿੰਡਾ ਵਿਖੇ ਜੋ ਉਸ ਦੀ ਦੁਰਗਾ ਟਰੇਡ ਨਾਮ ਉੱਤੇ ਦੁਕਾਨ ਹੈ, ਉੱਥੇ ਉਹ ਕੰਮ ਕਰਦਾ ਲੜਕਾ ਸੁਖਦੀਪ ਸਿੰਘ ਉਰਫ ਸੁੱਖੀ ਹੈ। ਮੁਲਜ਼ਮ ਪਿੰਡ ਮਚਾਕੀ ਕਲਾਂ ਜ਼ਿਲ੍ਹਾ ਫਰੀਦਕੋਟ ਹਾਲ ਦਾ ਰਹਿਣ ਵਾਲਾ ਹੈ। ਦੂਜਾ ਵਿਅਕਤੀ ਮਹਿੰਦਰ ਸਿੰਘ ਰੇਲਵੇ ਕੁਆਟਰ ਬਠਿੰਡਾ ਵਿਖੇ ਰਹਿੰਦਾ ਹੈ ਅਤੇ ਰੇਲਵੇ ਦੇ ਇਲੈਕਟਰੀ ਵਿਭਾਗ ਵਿੱਚ ਨੌਕਰੀ ਕਰਦਾ ਹੈ। ਮੂਲ ਰੂਪ ਤੋਂ ਉਹ ਜਿਲ੍ਹਾ ਹਨੂੰਮਾਨਗੜ੍ਹ ਵਿਖੇ ਰਾਜਸਥਾਨ ਦਾ ਰਹਿਣ ਵਾਲਾ ਹੈ। ਉਸ ਨਾਲ ਮਿਲ ਕੇ ਪੀੜਤ ਨੂੰ ਡਰਾ-ਧਮਕਾ ਕੇ 30 ਲੱਖ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ।
ਜਾਂਚ ਦੌਰਾਨ ਦੋਵੇਂ ਮੁਲਜ਼ਮ ਕਾਬੂ: ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਉਸ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਉੱਤੇ ਥਾਣਾ ਮਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁੱਕਦਮਾ ਦਰਜ ਕੀਤਾ ਗਿਆ ਹੈ। ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੀ.ਆਈ.ਏ.ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਪਾਰਟੀ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਸਹਾਇਤਾ ਅਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਮੁਲਜ਼ਮ ਸੁਖਦੀਪ ਸਿੰਘ ਉਰਫ ਸੁੱਖੀ ਅਤੇ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋ 03 ਐਂਡਰਾਇਡ ਮੋਬਾਇਲ ਫੋਨ, ਫਿਰੌਤੀ ਲਈ ਵਰਤਿਆ ਇੱਕ ਕੀਪੇਡ ਵਾਲਾ ਮੋਬਾਇਲ ਫੋਨ ਤੇ ਸਿੰਮ ਅਤੇ ਇੱਕ ਬੁੱਲਟ ਮੋਟਰਸਾਇਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।