ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਿਆਂ ਉੱਤੇ ਠੱਲ੍ਹ ਪਾਉਣ ਲਈ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਚੌਕਸ ਹੈ। ਇਸੇ ਲੜੀ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਇੱਕ ਬਿਨਾਂ ਨੰਬਰ ਵਾਲੀ ਗੱਡੀ ਸਣੇ ਦੋ ਮੁਲਜ਼ਮਾਂ ਨੂੰ ਕਥਿਤ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ।
ਬਿਨਾਂ ਨੰਬਰ ਦੀ ਗੱਡੀ ਰੋਕੀ: ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਪ ਪੁਲਿਸ ਕਪਤਾਨ ਬਾਬਾ ਬਕਾਲਾ ਸਾਹਿਬ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਟੀ ਪੁਆਇੰਟ ਬਟਾਰੀ ਜੀਟੀ ਰੋਡ ਵਿਖੇ ਨਾਕੇਬੰਦੀ ਕੀਤੀ ਗਈ ਸੀ। ਇਸ ਦੌਰਾਨ ਇੱਕ ਬਿਨਾਂ ਨੰਬਰ ਪਲੇਟ ਦੇ ਬਲੈਰੋ ਪਿੱਕਅਪ ਉੱਤੇ ਸਵਾਰ ਆ ਰਹੇ ਦੋ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਗਿਆ। ਪੁੱਛਗਿਛ ਦੌਰਾਨ ਕਥਿਤ ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਕਾਲੀ ਪੁੱਤਰ ਜਸਵੰਤ ਸਿੰਘ ਵਾਸੀ ਨੰਗਲ ਗੁਰੂ ਥਾਣਾ ਜੰਡਿਆਲਾ ਅਤੇ ਮੁਹੰਮਦ ਹੁਸੈਨ ਪੁੱਤਰ ਲਾਲ ਹੁਸੈਨ ਵਾਸੀ ਨਗਰੀ ਪਰੋਲ ਥਾਣਾ ਕਠੂਆ ਜੰਮੂ ਵਜੋਂ ਹੋਈ।
150 ਗ੍ਰਾਮ ਹੈਰੋਇਨ ਬਰਾਮਦ: ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਕਥਿਤ ਮੁਲਜਮਾਂ ਦੀ ਤਲਾਸ਼ੀ ਗਈ, ਤਾਂ ਅਵਤਾਰ ਸਿੰਘ ਕੋਲੋਂ 70 ਗ੍ਰਾਮ ਹੈਰੋਇਨ ਅਤੇ ਇਕ ਹੋਰ ਮੁਲਜ਼ਮ ਮੁਹੰਮਦ ਹੁਸੈਨ ਦੇ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਨੋਂ ਮੁਲਜ਼ਮਾਂ ਕੋਲੋਂ ਕੁੱਲ 150 ਗ੍ਰਾਮ ਹੈਰੋਇਨ ਅਤੇ ਇੱਕ ਬਿਨਾਂ ਨੰਬਰ ਦੀ ਬਲੈਰੋ ਪਿਕ ਅਪ ਗੱਡੀ ਬਰਾਮਦ ਕੀਤੀ ਗਈ ਹੈ।
ਮੁਲਜ਼ਮਾਂ ਉੱਤੇ ਮਾਮਲਾ ਦਰਜ ਤੇ ਜਾਂਚ ਸ਼ੁਰੂ: ਇਸ ਸਬੰਧੀ ਪੁਲਿਸ ਵੱਲੋਂ ਕਥਿਤ ਮੁਲਜ਼ਮਾਂ ਖਿਲਾਫ ਮੁਕਦਮਾ ਨੰਬਰ 11 ਜੁਰਮ (ਐਨਡੀਪੀਐਸ ਐਕਟ) ਤਹਿਤ ਥਾਣਾ ਖਲਚੀਆਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਰਿਕਾਰਡ ਖੰਗਾਲੇ ਜਾ ਰਹੇ ਹਨ, ਤਾਂ ਜੋ ਪਤਾ ਲਗ ਸਕੇ ਕਿ ਇਨ੍ਹਾਂ ਉੱਤੇ ਪਹਿਲਾਂ ਵੀ ਅਜਿਹਾ ਕੋਈ ਮਾਮਲਾ ਦਰਜ ਹੈ ਜਾਂ ਨਹੀਂ। ਇਨ੍ਹਾਂ ਮੁਲਜ਼ਮਾਂ ਦੇ ਸਬੰਧ ਕਿਸ ਨਾਲ ਹਨ ਅਤੇ ਹੈਰੋਇਨ ਕਿੱਥੋ ਆਈ ਅਤੇ ਕਿੱਥੇ ਜਾਣੀ ਸੀ, ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਵੀ ਸ਼ਾਮਲ ਹੋਇਆ, ਤਾਂ ਉਸ ਦੇ ਉਪਰ ਵੀ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।