ਬਠਿੰਡਾ: ਪਿੰਡ ਬੱਲ੍ਹੋ ਵਾਸੀਆਂ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਸਾਖਰਤਾ ਮੁਹਿੰਮ ਤਹਿਤ ਦਸਤਖ਼ਤ/ ਹਸਤਾਖ਼ਰ ਕਰਨੇ ਸਿੱਖੋ ਤੇ ਇਨਾਮ ਪਾਓ ਸਕੀਮ ਦਾ ਆਗਾਜ ਕੀਤਾ ਹੈ। ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਨੇ ਅੰਗੂਠਾ ਛਾਪ ਮਰਦ ਅਤੇ ਔਰਤਾਂ ਨੂੰ ਦਸਤਖ਼ਤ ਸਿਖਾਉਣ ਦਾ ਬੀੜਾ ਚੁੱਕ ਲਿਆ ਹੈ। ਪਿਛਲੇ ਦਿਨੀਂ ਸੁਸਾਇਟੀ ਦੀ ਹੋਈ ਮੀਟਿੰਗ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਫੈਸਲਾ ਲਿਆ ਕਿ ਪਿੰਡ ਦੇ ਜਿੰਨੇ ਲੋਕ ਪੜ੍ਹੇ-ਲਿਖੇ ਨਹੀਂ ਹਨ, ਉਨਾਂ ਨੂੰ ਦਸਤਖ਼ਤ ਕਰਨੇ ਸਿਖਾਏ ਜਾਣਗੇ, ਤਾਂ ਕਿ ਕੋਈ ਵੀ ਅੰਗੂਠਾ ਛਾਪ ਨਾ ਰਹੇ।
ਕਿਉ ਲੋੜ ਪਈ: ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਿਦਆ ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੰਸਥਾਂ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੈ ਕਿ ਮੇਰਾ ਪਿੰਡ ਦਾ ਵਾਸੀ ਅੰਗੂਠਾ ਛਾਪ ਨਾ ਹੋਵੇ , ਸਗੋਂ ਅਨਪੜ੍ਹ ਹੋਣ ਦੇ ਬਾਵਜੂਦ ਦਸਤਖ਼ਤ ਤਾਂ ਜ਼ਰੂਰ ਕਰਦਾ ਹੋਵੇ। ਉਨਾਂ ਕਿਹਾ ਕਿ ਗਿਆਨਵਾਨ ਬਣਾਉਣ ਲਈ ਸੰਸਥਾ ਹਰ ਸੰਭਵ ਕੋਸਿਸ ਕਰਦੀ ਰਹੇਗੀ। ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਦੱਸਿਆ ਕਿ ਪਿੰਡ ਵਿੱਚ ਜੋ ਮਰਦ ਤੇ ਔਰਤਾਂ ਅਨਪੜ੍ਹ ਹੋਣ ਕਾਰਨ ਦਸਤਖ਼ਤ ਕਰਨ ਦੀ ਬਜਾਏ ਅੰਗੂਠੇ ਲਗਾਉਂਦੇ ਹਨ, ਉਨਾਂ ਨੂੰ ਦਸਤਖ਼ਤ ਸਿਖਾਉਣ ਦੀ ਮੁਹਿੰਮ ਚਲਾਈ ਗਈ ਹੈ।
ਨਕਦ ਰਾਸ਼ੀ ਇਨਾਮ: ਇਸ ਮੁਹਿੰਮ ਤਹਿਤ ਰੋਜ਼ਾਨਾ ਲਾਇਬ੍ਰੇਰੀ ਵਿੱਚ ਮਰਦ ਤੇ ਅੋਰਤਾਂ ਦੇ ਗਰੁੱਪ ਬਣਾ ਕੇ ਕਲਾਸ ਲਗਾਈ ਜਾ ਰਹੀ ਹੈ। ਲਾਇਬ੍ਰੇਰੀਅਨ ਰਾਜਵਿੰਦਰ ਕੌਰ ਤੇ ਸੰਸਥਾ ਦੇ ਮੈਬਰ ਅਨਪੜ੍ਹ ਵਿਅਕਤੀਆਂ ਨੂੰ ਦਸਤਖ਼ਤ ਕਰਨ ਦੀ ਕਲਾਸ ਲਗਾਉਦੇ ਹਨ। ਜੋ ਵਿਅਕਤੀ ਦਸਤਖ਼ਤ ਕਰਨ ਸਿੱਖ ਗਿਆ, ਤਾਂ ਉਸ ਦਾ ਟੈਸਟ ਲੈ ਕੇ ਬਾਅਦ ਵਿੱਚ ਇਨਾਮ ਦੇ ਤੌਰ ਉੱਤੇ ਮਾਣ ਸਨਮਾਨ ਵਜੋਂ ਨਕਦ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਨਗਣਨਾ 2011 ਦੇ ਅੰਕੜਿਆਂ ਮੁਤਾਬਿਕ ਪਿੰਡ ਦੀ ਆਬਾਦੀ 4,446 ਹੈ ਅਤੇ ਸਾਖਰਤਾ ਦੀ ਕੁੱਲ ਦਰ 60.39 ਪ੍ਰਤੀਸ਼ਤ ਹੈ ਅਤੇ ਮਰਦ 64.89 ਅਤੇ ਔਰਤਾਂ 55.44 ਪ੍ਰਤੀਸ਼ਤ ਪੜ੍ਹੀਆਂ ਲਿਖੀਆ ਹਨ।
ਬਜ਼ੁਰਗ ਵਿਦਿਆਰਥੀ ਵੀ ਖੁਸ਼: ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਿਦਆ ਉੱਥੇ ਹਸਤਾਖਰ ਕਰਨੇ ਸਿੱਖਣ ਆਈ ਬਜ਼ੁਰਗ ਮਹਿਲਾ ਵਿਦਿਆਰਥੀਆਂ ਨੇ ਕਿਹਾ ਕਿ ਇਹ ਸੰਸਥਾ ਦਾ ਇੱਕ ਚੰਗਾ ਉਪਰਾਲਾ ਹੈ। ਉਹ ਖੁਦ ਪਿਛਲੇ ਲੰਮੇ ਸਮੇਂ ਤੋਂ ਬੈਂਕਾਂ ਵਿੱਚ ਜਾਂ ਕਿਤੇ ਵੀ ਦਸਤਖ਼ਤ ਕਰਨ ਦੀ ਲੋੜ ਪੈਂਦੀ ਤਾਂ, ਉਹ ਅੰਗੂਠਾ ਲਗਾਉਂਦੇ ਸੀ, ਪਰ ਹੁਣ ਉਹ ਆਪਣੇ ਨਾਮ ਦੇ ਦਸਤਖ਼ਤ ਕਰਨੇ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਵੀ ਬੈਂਕ ਵੀ ਹਸਤਾਖਰ ਕਰਿਆ ਕਰਨਗੇ, ਅੰਗੂਠਾ ਨਹੀਂ ਲਾਉਣਗੇ।