ਅੰਬਾਲਾ/ਹਰਿਆਣਾ: ਅੱਜ ਯਾਨੀ 16 ਦਸੰਬਰ ਨੂੰ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਣੇ ਹੋਰ 13 ਮੰਗਾਂ ਨੂੰ ਲੈ ਕੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨਗੇ। ਟਰੈਕਟਰ ਮਾਰਚ ਸਵੇਰੇ 10:30 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਢਿਆ ਜਾਵੇਗਾ। ਦੂਜੇ ਪਾਸੇ, ਮਰਨ ਵਰਤ ਉੱਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹੋਰ ਚਿੰਤਾਜਨਕ ਹੋ ਰਹੀ ਹੈ।
#WATCH | Morning visuals from the Punjab-Haryana Shambhu border as farmers continue to protest over their various demands. pic.twitter.com/FXUp5gpi9y
— ANI (@ANI) December 16, 2024
ਕਿਸਾਨ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਪੰਜਾਬ ਦਾ ਵੱਡੇ ਪੱਧਰ ਉੱਤੇ ਪਹਿਲਾਂ ਹੀ ਇੱਥੇ ਖਨੌਰੀ-ਸ਼ੰਭੂ ਸਰਹੱਦਾਂ ਉੱਤੇ ਜ਼ੋਰ ਲੱਗਿਆ ਹੋਇਆ ਹੈ ਜਿਸ ਵਿੱਚ ਲੰਗਰ-ਪਾਣੀ ਸਣੇ ਹੋਰ ਕਈ ਸੇਵਾਵਾਂ ਪੰਜਾਬ ਦੇ ਲੋਕ ਸਮੇਂ-ਸਮੇਂ ਉੱਤੇ ਇੱਥੇ (ਖਨੌਰੀ-ਸ਼ੰਭੂ ਸਰੱਹਦ) ਉੱਤੇ ਪਹੁੰਚ ਕੇ ਨਿਭਾਅ ਰਹੇ ਹਨ। ਇਸ ਲਈ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ਉੱਤੇ ਟਰੈਕਟਰ ਮਾਰਚ ਹੋਵੇਗਾ।
20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ
ਖਨੌਰੀ ਸਰਹੱਦ ’ਤੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਕਿਸਾਨ ਡੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ ਡੀਸੀ ਅਤੇ ਐਸਡੀਐਮ ਨੂੰ ਸੌਂਪਣਗੇ।
ਡੱਲੇਵਾਲ ਨੇ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ। ਉਹ 96 ਘੰਟੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਖਨੌਰੀ ਬਾਰਡਰ 'ਤੇ ਹੈ। ਉਸ ਦਾ ਭਾਰ ਕਾਫੀ ਘੱਟ ਗਿਆ ਹੈ। ਡਾਕਟਰਾਂ ਦੀ ਟੀਮ ਡੱਲੇਵਾਲ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਹੈ। ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਜ਼ਰੂਰੀ ਹੈ। ਪਰ, ਡੱਲੇਵਾਲ ਨੇ ਡਾਕਟਰੀ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਤੀਜੀ ਵਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਰਹੀ ਨਾਕਾਮ
ਸ਼ਨੀਵਾਰ ਨੂੰ ਤੀਜੀ ਵਾਰ ਦਿੱਲੀ ਵੱਲ ਮਾਰਚ ਕਰਨ ਦੀ ਕਿਸਾਨਾਂ ਦੀ ਕੋਸ਼ਿਸ਼ ਨਾਕਾਮ ਹੋ ਗਈ। ਪਹਿਲਾਂ ਵਾਂਗ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਬਾਰਡਰ 'ਤੇ ਰੋਕ ਲਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢੇ ਜਾਣਗੇ। ਪੰਜਾਬ ਵਿੱਚ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ। ਕੋਈ ਵੀ ਜਥਾ 18 ਦਸੰਬਰ ਤੱਕ ਦਿੱਲੀ ਵੱਲ ਮਾਰਚ ਨਹੀਂ ਕਰੇਗਾ।