ਚੰਡੀਗੜ੍ਹ/ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ, ਅਜਨਾਲਾ ਤੋਂ ਤਿੰਨ ਕਾਰਕੁੰਨਾਂ ਨੂੰ ਗ੍ਰਿਫਤਕਾਰ ਕਰਕੇ ਅਮਰੀਕਾ ਸਥਿਤ ਤਸਕਰ ਸਰਵਣ ਸਿੰਘ ਉਰਫ਼ ਭੋਲਾ ਹਵੇਲੀਆਂ ਦੀ ਹਮਾਇਤ ਪ੍ਰਾਪਤ ਨਾਰਕੋਟਿਕਸ ਅਤੇ ਸੰਗਠਿਤ ਅਪਰਾਧ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ।
ਇਹ ਬਰਾਮਦਗੀ ਹੋਈ: ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਜੀਤ ਸਿੰਘ ਵਾਸੀ ਖਾਲੜਾ, ਤਰਨਤਾਰਨ, ਅਕਾਸ਼ ਸੇਠ ਉਰਫ਼ ਰਘੂ ਅਤੇ ਸੁਖਦੀਪ ਸਿੰਘ ਦੋਵੇਂ ਵਾਸੀ ਰਾਜਾ ਸਾਂਸੀ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 6 ਪਿਸਤੌਲਾਂ ਜਿਨ੍ਹਾਂ ਚੋਂ 5, 30 ਬੋਰ ਸਟਾਰ ਪਿਸਤੌਲ ਅਤੇ ਇੱਕ 9 ਐਮਐਮ ਗਲਾਕ ਸਮੇਤ 6 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨ, 200 ਗ੍ਰਾਮ ਹੈਰੋਇਨ ਅਤੇ ਇੱਕ ਵਜ਼ਨ ਤੋਲਣ ਵਾਲੀ ਇਲੈਕਟਰਾਨਿਕ ਮਸ਼ੀਨ ਵੀ ਬਰਾਮਦ ਕੀਤੀ ਹੈ।
In a major breakthrough, Amritsar Rural Police in close coordination with central agencies has busted Narcotics- Organised Crime nexus by arresting three associates working on the directions of #USA-based smuggler Bhola Havelian (Brother of Ranjit Cheeta)
— DGP Punjab Police (@DGPPunjabPolice) June 22, 2024
FIR under Arms Act… pic.twitter.com/SVCQHyMHXr
ਜ਼ਿਕਰਯੋਗ ਹੈ ਕਿ ਭੋਲਾ ਹਵੇਲੀਆਂ, ਜਿਸ ਦੀ ਗ੍ਰਿਫਤਾਰੀ ’ਤੇ 2 ਲੱਖ ਰੁਪਏ ਦਾ ਇਨਾਮ ਸੀ, ਕਥਿਤ ਨਸ਼ਾ ਤਸਕਰ ਰਣਜੀਤ ਉਰਫ ਚੀਤਾ ਦਾ ਭਰਾ ਹੈ ਅਤੇ 532 ਕਿਲੋ ਹੈਰੋਇਨ ਦੇ ਮਾਮਲੇ ’ਚ ਲੋੜੀਂਦਾ ਸੀ, ਜਿਸ ਦੇ ਸਬੰਧ ਵਿੱਚ ਉਸਨੂੰ ਮਈ 2020 ’ਚ ਗ੍ਰਿਫਤਾਰ ਕੀਤਾ ਗਿਆ ਸੀ। ਰਣਜੀਤ ਚੀਤਾ ਜੁਲਾਈ 2019 ਵਿੱਚ ਆਈਸੀਪੀ ਅਟਾਰੀ ਵਿਖੇ ਕਸਟਮ ਵਿਭਾਗ ਦੁਆਰਾ ਜ਼ਬਤ ਕੀਤੀ ਗਈ ਹੈਰੋਇਨ ਦੇ 532 ਪੈਕੇਟ ਦੀ ਤਸਕਰੀ ਦੇ ਕੇਸ ਵਿੱਚ ਮਾਸਟਰਮਾਈਂਡ ਸੀ, ਜਿਸ ਕੇਸ ਦੀ ਜਾਂਚ ਐਨਆਈਏ ਦੁਆਰਾ ਕੀਤੀ ਜਾ ਰਹੀ ਹੈ।
ਸੂਚਨਾ ਮਿਲਣ ਉੱਤੇ ਹੋਈ ਕਾਰਵਾਈ: ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਮਿਲੀ ਸੀ ਕਿ ਸਰਵਣ ਸਿੰਘ ਦੇ ਸਾਥੀਆਂ ਨੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ ਅਤੇ ਉਹ ਇਸ ਖੇਪ ਨੂੰ ਕਿਸੇ ਹੋਰ ਨੂੰ ਸੌਂਪਣ ਜਾ ਰਿਹਾ ਹੈ ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ਼ ਦੀਆਂ ਪੁਲਿਸ ਟੀਮਾਂ ਨੇ ਅਜਨਾਲਾ ਦੇ ਅਧਿਕਾਰ ਖੇਤਰ ਵਿੱਚ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਅਤੇ ਤਿੰਨਾਂ ਮੁਲਜ਼ਮਾਂ ਨੂੰ 6 ਪਿਸਤੌਲਾਂ, 10 ਮੈਗਜ਼ੀਨ ਸਣੇ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਅਕਾਸ਼ ਉਰਫ਼ ਰਘੂ ਦੇ ਖੁਲਾਸੇ ’ਤੇ ਪੁਲਿਸ ਟੀਮਾਂ ਨੇ ਉਸ ਵੱਲੋਂ ਦੱਸੇ ਟਿਕਾਣੇ ਤੋਂ 200 ਗ੍ਰਾਮ ਹੈਰੋਇਨ, ਛੇ ਜਿੰਦਾ ਕਾਰਤੂਸ ਅਤੇ ਵਜਨ ਤੋਲਣ ਵਾਲੀ ਇੱਕ ਇਲੈਕਟਰਾਨਿਕ ਮਸ਼ੀਨ ਵੀ ਬਰਾਮਦ ਕੀਤੀ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਦੋਸ਼ੀ ਵਿਅਕਤੀ ਸਿੱਧੇ ਤੌਰ ’ਤੇ ਅਮਰੀਕਾ ਸਥਿਤ ਤਸਕਰ ਸਰਵਣ ਸਿੰਘ ਦੇ ਸੰਪਰਕ ਵਿੱਚ ਸੀ ਅਤੇ ਹਥਿਆਰ ਅਤੇ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧਾਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਹੋਰ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਐਸਐਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਕਾਸ਼ ਉਰਫ਼ ਰਘੂ ਦੇ ਚਚੇਰੇ ਭਰਾ ਸੰਜਮ ਉਰਫ਼ ਮੈਥੀ ਵਾਸੀ ਅਜਨਾਲਾ- ਜੋ ਕਿ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ, ਨੇ ਉਸ ਦੀ ਭੋਲਾ ਹਵੇਲੀਆਂ ਨਾਲ ਜਾਣ-ਪਛਾਣ ਕਰਵਾਈ ਸੀ। ਉਨ੍ਹਾਂ ਕਿਹਾ, ‘‘ਅਸੀਂ ਸੰਜਮ ਨੂੰ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਵਾਂਗੇ।"
ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਸਮੁੱਚੇ ਗਠਜੋੜ ਦਾ ਪਰਦਾਫਾਸ਼ ਕਰਨ ਲਈ ਮੁਲਜ਼ਮਾਂ ਦੇ ਵਿੱਤੀ ਟਰੇਲਾਂ ਦਾ ਪਤਾ ਲਗਾ ਰਹੀਆਂ ਹਨ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ। ਇਸ ਸਬੰਧ ਵਿੱਚ ਐਫਆਈਆਰ ਨੰ. 122 ਮਿਤੀ 22-6-2024 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਥਾਣਾ ਅਜਨਾਲਾ ਵਿਖੇ ਦਰਜ ਬਾਅਦ ਵਿੱਚ ਇਸ ਐਫ.ਆਈ.ਆਰ. ਵਿੱਚ ਐਨਡੀਪੀਐਸ ਦੀ ਧਾਰਾ 21 ਅਤੇ 29 ਵੀ ਜੋੜੀਆਂ ਗਈਆਂ ਹਨ।