ਲੁਧਿਆਣਾ: ਭਾਵੇਂ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਨਅਤੀ ਸ਼ਹਿਰ ਹੋਣ ਕਰਕੇ ਸੜਕ, ਰੇਲ ਅਤੇ ਹਵਾਈ ਯਾਤਾਯਾਤ ਨਾਲ ਜੁੜਿਆ ਹੋਇਆ ਹੈ। ਪਰ ਇਸ ਦੇ ਬਾਵਜੂਦ ਲੁਧਿਆਣਾ ਸਤਲੁਜ ਦਰਿਆ ਦੇ ਨੇੜੇ ਵਸਦੇ ਕਈ ਪਿੰਡਾਂ ਦੀ ਲਾਇਫ ਲਾਇਨ ਸਰਾਕਰੀ ਬੇੜੀ ਹੈ। ਜੋਕਿ ਪਿਛਲੇ ਕਈ ਦਹਾਕਿਆਂ ਤੋਂ ਨੇੜੇ ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਲਾਇਫ ਲਾਈਨ ਹੈ। ਲੁਧਿਆਣਾ ਤੋਂ ਜਲੰਧਰ ਜਾਣ ਲਈ ਸਤਲੁਜ ਦਰਿਆ ਪਾਰ ਕਰਨਾ ਪੈਂਦਾ ਹੈ, ਜਿਸਦਾ ਲਾਡੋਵਾਲ 'ਤੇ ਬਣਿਆ ਇੱਕੋ ਇਕ ਪੁਲ ਹੈ। ਜਿਸ ਦੀ ਲੁਧਿਆਣਾ ਤੋਂ ਦੂਰੀ 15 ਤੋਂ 20 ਕਿਲੋਮੀਟਰ ਹੈ। ਜੇਕਰ 2 ਪਹੀਆ ਵਾਹਨ 'ਤੇ ਜਾਣਾ ਹੋਵੇ ਤਾਂ ਕਾਫੀ ਪੈਟਰੋਲ ਲੱਗ ਜਾਂਦਾ ਹੈ ਅਤੇ ਜੇਕਰ ਕਾਰ 'ਚ ਸਫਰ ਕਰਨਾ ਹੋਵੇ ਤਾਂ 220 ਰੁਪਏ ਇੱਕ ਪਾਸੇ ਦਾ ਟੋਲ ਟੈਕਸ ਲੱਗ ਜਾਂਦਾ ਹੈ। ਪਰ ਇਸ ਬੇੜੀ 'ਚ ਮਹਿਜ਼ 10 ਰੁਪਏ ਕਿਰਾਏ ਨਾਲ ਲੋਕ ਲੁਧਿਆਣਾ ਤੋਂ ਫਿਲੌਰ ਜਲੰਧਰ ਪਹੁੰਚ ਜਾਂਦੇ ਹਨ।
ਬਰਸਾਤ ਦੇ ਦਿਨਾਂ ਦੇ ਵਿੱਚ ਵੀ ਚੱਲਦੀ ਹੈ ਇਹ ਬੇੜੀ
ਬੇੜੀ ਚਾਲਕ ਰਾਜੂ ਨੇ ਦੱਸਿਆ ਕਿ ਕਈ ਸਾਲਾਂ ਤੋਂ ਉਹ ਇਹ ਕੰਮ ਕਰ ਰਿਹਾ ਹੈ ਇਹ ਸਰਕਾਰੀ ਬੇੜੀ ਹੈ 10 ਰੁਪਏ ਸਵਾਰੀ ਕਿਰਾਇਆ ਹੈ। ਜੇਕਰ ਕੋਈ ਦੋ ਪਹੀਆ ਵਾਹਨ ਲੈ ਕੇ ਜਾਣਾ ਹੈ, ਉਸ 'ਤੇ ਵੀ 10 ਰੁਪਏ ਲੱਗਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜ ਮਿੰਟ ਦੇ ਵਿੱਚ ਲੋਕ ਦਰਿਆ ਪਾਰ ਕਰ ਲੈਂਦੇ ਹਨ। ਕਈ ਪਿੰਡਾਂ ਦੇ ਲੋਕਾਂ ਦੀ ਰਿਸ਼ਤੇਦਾਰੀ ਆ ਉਧਰ ਵੀ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਇਹ ਬੇੜੀ ਚਲਾ ਰਿਹਾ ਹੈ। ਬਰਸਾਤ ਦੇ ਦਿਨਾਂ ਦੇ ਵਿੱਚ ਵੀ ਇਹ ਬੇੜੀ ਚੱਲਦੀ ਹੈ। ਪਾਣੀ ਜਿੰਨਾ ਮਰਜ਼ੀ ਹੋਵੇ ਆਸਾਨੀ ਨਾਲ ਲੋਕ ਸਤਲੁਜ ਦਰਿਆ ਪਾਰ ਕਰਕੇ ਫਿਲੌਰ ਚਲੇ ਜਾਂਦੇ ਹਨ। ਨਹੀਂ ਤਾਂ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਉਨ੍ਹਾਂ ਨੂੰ ਜਾਣਾ ਪੈਂਦਾ ਹੈ ਜੋ ਕਿ ਮਹਿੰਗਾ ਹੋਣ ਦੇ ਨਾਲ ਜ਼ਿਆਦਾ ਸਮਾਂ ਵੀ ਲੈਂਦਾ ਹੈ।
ਕੰਮਾਂ 'ਤੇ ਆਉਣ ਜਾਣ ਦੇ ਲਈ ਬੇੜੀ ਦਾ ਹੀ ਇਸਤੇਮਾਲ
ਬੇੜੀ ਚਾਲਕ ਰਾਜੂ ਨੇ ਦੱਸਿਆ ਕਿ ਸਤਲੁਜ ਕੰਢੇ ਵਾਸਤੇ ਕਈ ਪਿੰਡ ਨੂਰਪੁਰ ਬੇਟ, ਖੈਰਾ ਬੇਟ, ਵਲੀਪੁਰ ਕਲਾਂ ਵਲੀਪੁਰ ਖੁਰਦ, ਗੌਂਸਗੜ੍ਹ, ਘਮਨੇਵਾਲ, ਮਾਣੇਵਾਲ, ਰਜਾਪੁਰ, ਬਨੀਵਾਲ ਆਦਿ ਦਰਜਨਾਂ ਪਿੰਡ ਅਜਿਹੇ ਹਨ ਜੋ ਕਿ ਇਸ ਬੇੜੀ ਰਾਹੀਂ ਸਫਰ ਕਰਦੇ ਹਨ। ਹਾਲਾਂਕਿ ਦਿੱਲੀ ਜੰਮੂ ਕਟੜਾ ਹਾਈਵੇ ਵੀ ਕੁਝ ਕਿਲੋਮੀਟਰ ਦੀ ਦੂਰੀ 'ਤੇ ਬਣ ਰਿਹਾ। ਜਿਸ ਦੇ ਵਿੱਚ ਸਤਲੁਜ ਦਰਿਆ ਤੇ ਨਵਾਂ ਫਲਾਈ ਓਵਰ ਵੀ ਬਣਾਇਆ ਜਾ ਰਿਹਾ ਹੈ। ਜਿਸ ਦਾ ਕੰਮ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ। ਪਰ ਇਸ ਬੇੜੀ ਨਾਲ ਸਫਰ ਕਰਨ ਦਾ ਲੋਕਾਂ ਨੂੰ ਅਲੱਗ ਹੀ ਆਨੰਦ ਆਉਂਦਾ ਹੈ। ਖਾਸ ਕਰਕੇ ਲੋਕ ਸ਼ਾਮ ਨੂੰ ਆਪਣੇ ਕੰਮਾਂ 'ਤੇ ਆਉਣ ਜਾਣ ਦੇ ਲਈ ਇਸ ਬੇੜੀ ਦਾ ਇਸਤੇਮਾਲ ਕਰਦੇ ਹਨ।
ਬੇੜੀ ਵਿੱਚ ਸਫਰ ਕਰਨਾ ਸਸਤਾ
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਰੂਟੀਨ ਹੈ ਹੁਣ ਉਹ ਇਸ ਦੀ ਆਦੀ ਹੋ ਚੁੱਕੇ ਹਨ। ਉਨ੍ਹਾਂ ਨੂੰ ਬੇੜੀ ਵਿੱਚ ਸਫਰ ਕਰਨਾ ਸਸਤਾ ਅਤੇ ਚੰਗਾ ਲੱਗਦਾ ਹੈ। ਸਮੇਂ ਦੀ ਵਾਧੂ ਬਚਤ ਹੁੰਦੀ ਹੈ ਜਿੱਥੇ ਘੁੰਮ ਕੇ 15 ਤੋਂ 20 ਕਿਲੋਮੀਟਰ ਜਾਣਾ ਪੈਂਦਾ ਹੈ। ਉੱਥੇ ਹੀ ਪੰਜ ਮਿੰਟ ਦੇ ਵਿੱਚ ਉਹ ਸਤਲੁਜ ਦਰਿਆ ਪਾਰ ਕਰ ਲੈਂਦੇ ਹਨ ਅਤੇ ਉਨਾਂ ਦਾ ਸਮਾਂ ਵੀ ਬੱਚਦਾ ਹੈ ਅਤੇ ਪੈਟਰੋਲ ਆਦਿ ਦਾ ਖਰਚਾ ਵੀ ਬਚਦਾ ਹੈ। ਜੇਕਰ ਜ਼ਿਆਦਾ ਮੈਂਬਰਾਂ ਤੇ ਜਾਣਾ ਹੈ ਤਾਂ ਟੋਲ ਟੈਕਸ ਬਚ ਜਾਂਦਾ ਹੈ। ਬੇੜੀ 'ਚ ਸਫਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਫਿਲੌਰ ਦੇ ਵਿੱਚ ਪੈਂਦੀਆਂ ਹਨ ਅਤੇ ਉੱਥੇ ਜਾਣ ਲਈ ਉਹ ਇਸ ਬੇੜੀ ਦਾ ਇਸਤੇਮਾਲ ਕਰਦੇ ਹਨ ਸਿਰਫ ਪਿੰਡ ਦੇ ਹੀ ਨਹੀਂ ਸਗੋਂ ਸ਼ਹਿਰਾਂ ਤੋਂ ਵੀ ਲੋਕ ਆਉਂਦੇ ਹਨ ਕਿਉਂਕਿ ਸਤਲੁਜ ਦਰਿਆ ਦੇ ਕੰਢੇ ਫਿਲੌਰ ਵਾਲੀ ਸਾਈਡ ਵਸੇ ਪਿੰਡਾਂ ਚੋਂ ਜਾਣ ਲਈ ਕੱਚਾ ਰਸਤਾ ਹੈ। ਜਿੱਥੇ ਇਹ ਬੇੜੀ ਉਨ੍ਹਾਂ ਨੂੰ ਪਾਰ ਲਾਉਂਦੀ ਹੈ।