ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਤਾਜਪੁਰ ਰੋਡ ਦੇ ਨੇੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਤੜਕੇ 4 ਵਜੇ ਇੱਕ ਸਖ਼ਸ਼ ਲੜੀਆਂ ਚੋਰੀ ਕਰਨ ਦੀ ਨੀਅਤ ਨਾਲ ਆਇਆ ਸੀ ਤਾਂ ਉਸ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਉਸ ਦੀ ਪਹਿਚਾਣ ਸੀਸੀਟੀਵੀ ਵਿੱਚ ਕੀਤੀ ਅਤੇ ਉਸ ਨੂੰ ਦਿਨ ਦੇ ਸਮੇਂ ਆਉਂਦੇ ਵੇਖਿਆ। ਜਦੋਂ ਲੋਕਾਂ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਨੇ ਦੋ ਫਾਇਰ ਕੀਤੇ, ਜਿਨਾਂ ਵਿੱਚੋਂ ਇੱਕ ਨੌਜਵਾਨ ਦੇ ਢਿੱਡ ਵਿੱਚ ਜਾ ਲੱਗਿਆ ਅਤੇ ਇੱਕ ਵਿਅਕਤੀ ਬਾਲ-ਬਾਲ ਬਚ ਗਿਆ।
ਇਲਾਕੇ ਵਿੱਚ ਲੜੀਆਂ ਚੋਰੀ ਹੋ ਰਹੀਆਂ
ਜਿਸ ਨੌਜਵਾਨ ਦੇ ਗੋਲੀ ਲੱਗੀ ਉਸ ਨੂੰ ਬਚਾਉਣ ਦੇ ਲਈ ਜਦੋਂ ਲੋਕ ਉਸ ਵੱਲ ਹੋ ਗਏ ਅਤੇ ਇਸ ਦਾ ਫਾਇਦਾ ਚੱਕਦਿਆਂ ਚੋਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਇਸ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ। ਫਿਲਹਾਲ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ। ਗੱਲਬਾਤ ਕਰਦਿਆਂ ਜੱਗੂ ਨੇ ਕਿਹਾ ਕਿ ਇਲਾਕੇ ਵਿੱਚ ਲੜੀਆਂ ਚੋਰੀ ਹੋ ਰਹੀਆਂ ਸੀ ਅਤੇ ਇਸ ਨੂੰ ਲੈ ਕੇ ਸੀਸੀਟੀਵੀ ਵਿੱਚ ਵਿਅਕਤੀ ਦੀ ਪਹਿਚਾਣ ਕੀਤੀ ਗਈ ਸੀ ਅਤੇ ਉਸ ਵਿਅਕਤੀ ਨੂੰ ਫੜਨ ਦੇ ਲਈ ਪਹਿਰੇਬੰਦੀ ਵੀ ਕੀਤੀ ਗਈ ਸੀ।
ਗੋਲੀ ਲੱਗਣ ਨਾਲ ਨੌਜਵਾਨ ਜਖ਼ਮੀ ਹੋ ਗਿਆ
ਜਿਸ ਦੇ ਚੱਲਦਿਆਂ ਉਕਤ ਚੋਰ ਨੂੰ ਆਉਂਦਿਆਂ ਵੇਖਿਆ ਅਤੇ ਉਸ ਨੂੰ ਫੜਨ ਦੇ ਲਈ ਨੌਜਵਾਨ ਨੇ ਆਵਾਜ਼ ਲਗਾਈ ਤੇ ਕਿਹਾ ਕਿ ਮੈਂ ਉਸ ਨੂੰ ਫੜ ਲਿਆ। ਜਿਸ ਤੋਂ ਬਾਅਦ ਉਕਤ ਚੋਰ ਨੇ ਗੋਲੀ ਚਲਾ ਦਿੱਤੀ ਜੋ ਕਿ ਨੌਜਵਾਨ ਦੇ ਢਿੱਡ ਵਿੱਚ ਲੱਗੀ ਹੈ ਅਤੇ ਉਸ ਦੇ ਵੀ ਗੋਲੀ ਮਾਰੀ ਗਈ ਸੀ ਪਰ ਉਸ ਨੇ ਆਪਣਾ ਬਚਾਅ ਕਰ ਲਿਆ। ਉਸ ਨੇ ਕਿਹਾ ਕਿ ਇਸੇ ਵਿਚਾਲੇ ਨੌਜਵਾਨ ਦੇ ਗੋਲੀ ਲੱਗਣ ਨਾਲ ਨੌਜਵਾਨ ਜਖ਼ਮੀ ਹੋ ਗਿਆ। ਜਿਸ ਨੂੰ ਬਚਾਉਣ ਲਈ ਲੋਕ ਇਕੱਠੇ ਹੋ ਗਏ ਅਤੇ ਇਸੇ ਦਾ ਫਾਇਦਾ ਚੁੱਕ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ। ਫਿਲਹਾਲ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਧਰ ਇਲਾਕੇ ਦੇ ਲੋਕਾਂ ਨੇ ਉਕਤ ਚੋਰ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।