ਬਠਿੰਡਾ: ਪੰਜਾਬ ਦਾ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿੱਚ ਜਿੱਥੇ ਲਗਾਤਾਰ ਵਿਦੇਸ਼ ਦਾ ਰੁਖ ਕਰ ਰਿਹਾ ਹੈ। ਉੱਥੇ ਹੀ ਪੰਜਾਬ ਵਿੱਚ ਰਹਿ ਕੇ ਆਪਣਾ ਕਾਰੋਬਾਰ ਕਰ ਲੋਕਾਂ ਲਈ ਇੱਕ ਮਿਸਾਲ ਪੈਦਾ ਕਰਨ ਵਾਲੇ ਪਿੰਡ ਮੰਡੀ ਕਲਾ ਦੇ ਭੁਪਿੰਦਰ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਤੋਂ ਉੱਪਰ ਹੀ ਗੋਟ ਫਾਰਮ ਖੋਲ੍ਹ ਕੇ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਸਿਰਫ ਡੇਢ ਏਕੜ ਜ਼ਮੀਨ ਦਾ ਮਾਲਕ ਭੁਪਿੰਦਰ ਸਿੰਘ ਨੇ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ।
ਘਰ ਵਿੱਚ ਹੀ ਸਹਾਇਕ ਧੰਦੇ ਵਜੋਂ ਕੁਝ ਬੱਕਰੀਆਂ ਲਿਆਂਦੀਆਂ: ਇਸ ਤੋਂ ਬਾਅਦ ਉੱਦਮੀ ਨੌਜਵਾਨ ਨੇ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਤੋਰਨ ਦਾ ਮਨ ਬਣਾਇਆ ਗਿਆ ਹੈ। ਘਰ ਵਿੱਚ ਹੀ ਸਹਾਇਕ ਧੰਦੇ ਵਜੋਂ ਕੁਝ ਬੱਕਰੀਆਂ ਲਿਆਂਦੀਆਂ ਗਈਆ ਪਰ ਜਗ੍ਹਾ ਘੱਟ ਹੋਣ ਕਾਰਨ ਭੁਪਿੰਦਰ ਸਿੰਘ ਵੱਲੋਂ ਆਪਣੇ ਘਰ ਦੀ ਛੱਤ ਉੱਪਰ ਹੀ ਬੱਕਰੀਆਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਭੁਪਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਲੋਕਾਂ ਵੱਲੋਂ ਉਸ ਦਾ ਮਜ਼ਾਕ ਜਰੂਰ ਉੜਾਇਆ ਗਿਆ ਪਰ ਉਹ ਆਪਣੇ ਕੰਮ ਵਿੱਚ ਰੁੱਝੇ ਰਹੇ ਅੱਜ ਲੋਕ ਉਨ੍ਹਾਂ ਤੋਂ ਇਸ ਕਿੱਤੇ ਜਾਣਕਾਰੀ ਲੈਣ ਆ ਰਹੇ ਹਨ।
ਪੰਜ ਬੱਕਰੀਆਂ ਤੋਂ ਸ਼ੁਰੂ ਕੀਤਾ ਕੰਮ: ਭੁਪਿੰਦਰ ਸਿੰਘ ਨੇ ਦੱਸਿਆ ਕਿ ਬੱਕਰੀ ਪਾਲਣ ਦੇ ਕਿੱਤੇ ਨੂੰ ਸ਼ੁਰੂ ਕਰਨ ਲਈ ਉਸ ਨੇ ਸ਼ੁਰੂ-ਸ਼ੁਰੂ ਵਿੱਚ ਕਰੀਬ ਢਾਈ ਲੱਖ ਰੁਪਏ ਖਰਚੇ ਸਨ ਅਤੇ ਛੱਤ ਉੱਪਰ ਹੀ ਇਨ੍ਹਾਂ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਸੀ। ਪੰਜ ਬੱਕਰੀਆਂ ਤੋਂ ਸ਼ੁਰੂ ਕੀਤੇ ਇਸ ਰੁਜ਼ਗਾਰ ਦੌਰਾਨ ਉਹ ਲਗਾਤਾਰ ਕਾਰੋਬਾਰ ਕਰ ਰਿਹਾ ਹੈ। ਇਸ ਟਾਈਮ ਉਸ ਕੋਲ ਕਰੀਬ ਇੱਕ ਦਰਜਨ ਬੱਕਰੀਆਂ ਅਤੇ ਬੱਕਰੇ ਹਨ ਬੱਕਰੀਆਂ ਦੇ ਕਾਰੋਬਾਰ ਵਿੱਚ ਚੰਗਾ ਮੁਨਾਫਾ ਲੈ ਰਹੇ ਹਨ।
ਬੱਕਰੀ ਫਾਰਮ ਖੋਲ੍ਹੇ ਜਾਣ ਤੋਂ ਬਾਅਦ ਪ੍ਰਾਈਵੇਟ ਜੋਬ ਵੀ ਮਿਲੀ : ਭੁਪਿੰਦਰ ਸਿੰਘ ਨੇ ਦੱਸਿਆ ਕਿ ਛੱਤ ਉੱਪਰ ਬੱਕਰੀ ਫਾਰਮ ਖੋਲੇ ਜਾਣ ਤੋਂ ਬਾਅਦ ਉਸ ਨੂੰ ਨਾਲ-ਨਾਲ ਪ੍ਰਾਈਵੇਟ ਜੋਬ ਵੀ ਮਿਲ ਗਈ। ਜਿਸ ਕਾਰਨ ਹੁਣ ਬੱਕਰੀਆਂ ਦੀ ਦੇਖਭਾਲ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਕਰਦਾ ਹੈ। ਬੱਕਰੀ ਫਾਰਮ ਕਾਰਨ ਆਂਢ ਗਵਾੜ ਨੂੰ ਕਿਸੇ ਦਿੱਕਤ ਸਬੰਧੀ ਬੋਲਦਿਆਂ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਜਿਹਾ ਕੁਝ ਨਹੀਂ ਹੈ ਛੱਤ ਉੱਪਰ ਹੋਣ ਕਾਰਨ ਬੱਕਰੀਆਂ ਦੇ ਮਲ ਦੀ ਬਦਬੂ ਨਹੀਂ ਆਉਂਦੀ ਨਾ ਹੀ ਆਂਢ ਗੁਆਂਢ ਨੂੰ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨ ਹੈ।
ਬੱਕਰੀ ਪਾਲਣ ਦੀ ਟ੍ਰੇਨਿੰਗ ਬਠਿੰਡਾ ਦੇ ਪਸ਼ੂ ਪਾਲਣ ਵਿਭਾਗ ਤੋਂ ਲਈ: ਭੁਪਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਬੱਕਰੀ ਪਾਲਣ ਦੀ ਟ੍ਰੇਨਿੰਗ ਬਠਿੰਡਾ ਦੇ ਪਸ਼ੂ ਪਾਲਣ ਵਿਭਾਗ ਤੋਂ ਲਈ ਗਈ ਸੀ ਅਤੇ ਅੱਜ ਇਹ ਕੀਤਾ ਉਸ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਉਸ ਨੇ ਪੰਜਾਬ ਦੀ ਨੌਜਵਾਨੀ ਨੂੰ ਅਪੀਲ ਕੀਤੀ ਕਿ ਬਾਹਰ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਅਤੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ।