ਹੁਸ਼ਿਆਰਪੁਰ: ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਲੁਟੇਰਿਆਂ 'ਤੇ ਸ਼ਿਕੰਜਾ ਕੱਸਣ 'ਚ ਵੀ ਨਾਕਾਮ ਸਾਬਤ ਹੋ ਰਿਹਾ ਹੈ। ਇਨ੍ਹੀਂ ਦਿਨੀਂ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਪਰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ 'ਚ ਨਹੀਂ ਆ ਰਹੇ।
ਨਨਾਣ ਨੂੰ ਮਿਲਣ ਆਈ ਮਹਿਲਾ ਪੁਲਿਸ ਮੁਲਾਜ਼ਮ ਹੋਈ ਲੁੱਟ ਦਾ ਸ਼ਿਕਾਰ: ਆਲਮ ਇਹ ਹੈ ਕਿ ਹੁਣ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਸ਼ਹਿਰ ਹੁਸ਼ਿਆਰਪੁਰ ਵਿੱਚ ਚੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ ਅਤੇ ਕਿਹਾ ਜਾ ਸਕਦਾ ਕਿ ਸ਼ਹਿਰ ਹੁਸ਼ਿਆਰਪੁਰ ਵਿੱਚ ਹੁਣ ਪੁਲਿਸ ਖੁਦ ਵੀ ਸੁਰੱਖਿਅਤ ਨਜ਼ਰੀ ਨਹੀਂ ਆ ਰਹੀ। ਜੀ ਹਾਂ ਤਾਜ਼ਾ ਮਾਮਲਾ ਸ਼ਹਿਰ ਹੁਸ਼ਿਆਰਪੁਰ ਦੇ ਬਹਾਦਰਪੁਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਆਪਣੀ ਨਨਾਣ ਨੂੰ ਕਿਸੇ ਕੰਮ ਦੇ ਸਿਲਸਿਲੇ ਵਿੱਚ ਮਿਲਣ ਆਈ ਹੋਈ ਸੀ, ਜਦੋਂ ਉਹ ਗਲੀ ਵਿੱਚ ਖੜੀ ਮੋਬਾਈਲ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਤਾਂ ਇੰਨੀ ਦੇਰ ਵਿੱਚ ਹੀ ਲੁਟੇਰਿਆਂ ਨੇ ਉਸਦੇ ਗਲੇ ਦੀ ਚੇਨ ਤੋੜੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਲੁੱਟ ਦੀ ਵੀਡੀਓ ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਬਾਰੇ ਥਾਣਾ ਸਿਟੀ ਹੁਸ਼ਿਆਰਪੁਰ ਦੇ ਇੰਚਾਰਜ ਸਤੀਸ਼ ਕੁਮਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਜਾਣਕਾਰੀ ਦੀ ਥਾਂ ਜਨਾਬ ਗੁੱਸੇ ਭਰੇ ਲਫ਼ਜ਼ਾਂ ਨਾਲ ਕਹਿਣ ਲੱਗੇ ਕਿ "ਤੁਸੀਂ ਜਿੱਥੇ ਖਬਰ ਚਲਾਉਣੀ ਹੈ ਚਲਾਓ।"
ਲੋਕ ਦਹਿਸ਼ਤ ਦੇ ਸਾਹ ਹੇਠ ਜਿਊਣ ਨੂੰ ਹੋਏ ਮਜਬੂਰ: ਇਸ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਈ ਮਹਿਲਾ ਦੀ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਦੀ ਗਲੀ ਵਿੱਚ ਇੱਕ ਬਜ਼ੁਰਗ ਮਾਤਾ ਕੋਲੋਂ ਲੁਟੇਰੇ ਨਕਦੀ ਲੈ ਕੇ ਵੀ ਫ਼ਰਾਰ ਹੋ ਗਏ ਸਨ ਅਤੇ ਆਏ ਦਿਨ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਕਾਰਨ ਲੋਕ ਦਹਿਸ਼ਤ ਦੇ ਸਾਏ ਹੇਠ ਜਿਊਣ ਨੂੰ ਮਜਬੂਰ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਦੇਰ ਸ਼ਾਮ ਤੱਕ ਬੇਸ਼ੱਕ ਪੁਲਿਸ ਵਾਰਦਾਤ ਵਾਲੀ ਥਾਂ ਗੇੜੇ ਮਾਰਦੀ ਰਹੀ ਪਰ ਪੱਲੇ ਕੱਖ ਨਾ ਪਿਆ। ਜਾਣਕਾਰੀ ਦੌਰਾਨ ਇਹ ਵੀ ਪਤਾ ਲੱਗਿਆ ਕਿ ਇਹ ਲੁਟੇਰੇ ਇਸ ਇਲਾਕੇ ਵਿੱਚ ਪਹਿਲਾਂ ਤੋਂ ਐਕਟਿਵ ਹਨ ਅਤੇ ਕਈ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ, ਜੋ ਕਿ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਜਾਪ ਰਹੇ ਹਨ।
- ਆਖਿਰ ਕੀ ਹੈ ਤਨਖ਼ਾਹੀਆ ਹੋਣਾ, ਮਹਾਰਾਜਾ ਰਣਜੀਤ ਸਿੰਘ ਸਮੇਤ ਇਹ ਵੱਡੇ ਸਿੱਖ ਆਗੂ ਵੀ ਹੋ ਚੁੱਕੇ ਨੇ ਇਸ ਸਜ਼ਾ ਦਾ ਸ਼ਿਕਾਰ, ਪੜ੍ਹੋ ਈਟੀਵੀ ਦੀ ਸਪੈਸ਼ਲ ਰਿਪੋਰਟ
- ਬਰਨਾਲਾ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਡਿੱਗੀ ਘਰ ਦੀ ਛੱਤ, 12 ਸਾਲ ਦੇ ਬੱਚੇ ਦੀ ਮੌਤ, ਤਿੰਨ ਜ਼ਖ਼ਮੀ
- ਪਹਿਲੀ ਵਾਰ ਲੁਧਿਆਣਾ ਪਹੁੰਚੀ ਬਾਲੀਵੁੱਡ ਅਦਾਕਾਰਾ ਮਨਾਰਾ ਚੋਪੜਾ, ਪੰਜਾਬੀ 'ਚ ਮੀਡੀਆ ਨਾਲ ਕੀਤੀ ਗੱਲਬਾਤ, ਕਿਹਾ...
ਲੁਟੇਰਿਆਂ ਤੋਂ ਕਦੋਂ ਮਿਲੇਗੀ ਰਾਹਤ : ਹੁਣ ਦੇਖਣਾ ਹੋਵੇਗਾ ਕਿ ਸ਼ਹਿਰ ਹੁਸ਼ਿਆਰਪੁਰ ਨੂੰ ਚੋਰ ਲੁਟੇਰਿਆਂ ਤੋਂ ਕਦੋਂ ਰਾਹਤ ਮਿਲੇਗੀ ਅਤੇ ਕੀ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਨੂੰ ਕਿਧਰੇ ਪਹਿਲਾਂ ਖੁਦ ਤਾਂ ਸੁਰੱਖਿਆ ਦੀ ਲੋੜ ਨਹੀਂ ਪੈ ਰਹੀ।