ਅਜਨਾਲਾ (ਅੰਮ੍ਰਿਤਸਰ) : ਆਧੁਨਿਕ ਸਮੇਂ ਦੌਰਾਨ ਜਿੱਥੇ ਲਾੜਾ ਵਿਆਹ ਮੌਕੇ ਆਪਣੀ ਲਾੜੀ ਨੂੰ ਵਿਆਹ ਕੇ ਲਿਆਉਣ ਲਈ ਮਹਿੰਗੀਆਂ ਹਾਈਟੈੱਕ ਗੱਡੀਆਂ ਜਾ ਹੈਲੀਕਪਟਰਾਂ ਤੱਕ ਦੀ ਵਰਤੋਂ ਕਰਦੀ ਹੈ ਉੱਥੇ ਹੀ ਅਜਨਾਲਾ ਵਿੱਚ ਲਾੜਾ ਆਪਣੀ ਲਾੜੀ ਨੂੰ ਪੁਰਾਤਨ ਸਮੇਂ ਦੇ ਰਾਜੇ-ਮਹਾਰਾਜਿਆਂ ਵਾਂਗ ਊਠ ਉੱਤੇ ਸਵਾਰ ਹੋ ਕੇ ਪਹੁੰਚਿਆ। ਇਹ ਡੋਲੀ ਵਾਲਾ ਊਠ ਸਭ ਲਈ ਖਿੱਚ ਦਾ ਕੇਂਦਰ ਬਣਿਆ। ਇੰਨਾ ਹੀ ਨਹੀਂ ਲਾੜੇ ਦੇ ਪਰਿਵਾਰਕ ਮੈਂਬਰ ਵੀ ਹਾਥੀ ਉੱਤੇ ਸਵਾਰ ਹੋ ਕੇ ਪਹੁੰਚੇ ਸਨ।
ਬਜ਼ਾਰਾਂ 'ਚ ਮੌਜੂਦ ਲੋਕਾਂ ਨੇ ਇਸ ਨਵੇਕਲੀ ਬਰਾਤ ਦੀਆਂ ਮੋਬਾਈਲ ਫੋਨਾਂ 'ਚ ਤਸਵੀਰਾਂ ਕੈਦ ਕੀਤੀਆਂ। ਵਿਆਹ ਵਾਲੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਇੱਕ ਵਾਰ ਫਿਰ ਪੁਰਾਣਾ ਸੱਭਿਆਚਾਰ ਦਰਸਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਪੁਰਾਣੇ ਸਮੇਂ ਦੀ ਤਰ੍ਹਾਂ ਰਾਜੇ-ਮਹਾਰਾਜਿਆਂ ਵਾਂਗ ਆਪਣੀਆਂ ਬਰਾਤਾਂ ਊਠ ਹਾਥੀਆਂ ਉੱਤੇ ਲਿਆਂਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੋਕ ਕਾਰਾਂ-ਗੱਡੀਆਂ ਵਿੱਚ ਬਰਾਤਾਂ ਲੈ ਕੇ ਜਾਂਦੇ ਹਨ ਹਨ ਪਰ ਅਸੀਂ ਆਪਣਾ ਪੁਰਾਣਾ ਸੱਭਿਆਚਾਰ ਖਤਮ ਨਹੀਂ ਹੋਣ ਦਿੱਤਾ।
ਹਰੇਕ ਵਿਅਕਤੀ ਦਾ ਸੁਫਨਾ ਹੁੰਦਾ ਹੈ ਕਿ ਉਹ ਆਪਣੇ ਵਿਆਹ ਵਾਲੇ ਦਿਨ ਨੂੰ ਖਾਸ ਬਣਾਉਣ ਲਈ ਕੁਝ ਅਜਿਹਾ ਕਰੇ ਕਿ ਜੋ ਹਮੇਸ਼ਾ ਲਈ ਯਾਦਗਾਰੀ ਹੋ ਨਿਬੜੇ, ਅਜਿਹਾ ਹੀ ਕੁਝ ਅਸਲ ਵਿੱਚ ਕਰਕੇ ਵਿਖਾਇਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਾਰਚੂਰ ਦੇ ਰਹਿਣ ਵਾਲੇ ਨੌਜਵਾਨ ਸਤਨਾਮ ਸਿੰਘ। ਲਾੜਾ ਸਤਨਾਮ ਸਿੰਘ ਆਪਣੀ ਲਾੜੀ ਨੂੰ ਵਿਆਹੁਣ ਲਈ ਪੁਰਖਿਆਂ ਦੀ ਰਵਾਇਤ ਮੁਤਾਬਿਕ ਊਠ ਉੱਤੇ ਸਵਾਰ ਹੋ ਕੇ ਅਜਨਾਲਾ ਦੇ ਇੱਕ ਨਿੱਜੀ ਪੈਲੇਸ ਪੁੱਜਾ।
ਲਾੜਾ ਸਤਨਾਮ ਸਿੰਘ ਆਪਣੀ ਮਾਤਾ ਅਤੇ ਬਰਾਤੀਆਂ ਸਮੇਤ ਇੱਕ ਊਠ ਉੱਤੇ ਸਵਾਰ ਸੀ ਜਦ ਕਿ ਉਸਦੇ ਬਾਕੀ ਨਜ਼ਦੀਕੀ ਰਿਸ਼ਤੇਦਾਰ ਇੱਕ ਹੋਰ ਊਠ ਅਤੇ ਹਾਥੀ ਉੱਤੇ ਸਵਾਰ ਹੋ ਕੇ ਪੈਲੇਸ ਵੱਲ ਨੂੰ ਜਾ ਰਹੇ ਸਨ। ਦਾਣਾ ਮੰਡੀ ਅਜਨਾਲਾ ਨਜ਼ਦੀਕ ਊਠ ਅਤੇ ਹਾਥੀ ਰਾਹੀਂ ਜਦੋਂ ਇਹ ਬਰਾਤ ਪਹੁੰਚੀ ਤਾਂ ਉੱਥੇ ਮੌਜੂਦ ਸਥਾਨਿਕ ਰਾਹਗੀਰਾਂ ਨੇ ਸੜਕ ਉੱਤੇ ਖੜ੍ਹ-ਖੜ੍ਹ ਕੇ ਇਸ ਅਨੋਖੇ ਨਜ਼ਾਰੇ ਦੀਆਂ ਤਸਵੀਰਾਂ ਨੂੰ ਆਪਣੇ ਮੋਬਾਇਲਾਂ ਫੋਨਾਂ ਵਿੱਚ ਕੈਦ ਕੀਤਾ। ਗੱਲਬਾਤ ਕਰਦਿਆਂ ਸਾਂਸੀ ਬਰਾਦਰੀ ਨਾਲ ਸੰਬੰਧ ਰੱਖਣ ਵਾਲੇ ਉਕਤ ਲਾੜੇ ਸਤਨਾਮ ਸਿੰਘ ਪੁੱਤਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁਰਖੇ ਵੀ ਇਸੇ ਤਰ੍ਹਾਂ ਊਠਾਂ-ਹਾਥੀਆਂ ਉੱਤੇ ਸਵਾਰ ਹੋ ਕੇ ਵਿਆਹ ਕਰਵਾਉਣ ਲਈ ਜਾਂਦੇ ਹੁੰਦੇ ਸਨ। ਉਸ ਦਾ ਵੀ ਇਹ ਸ਼ੋਂਕ ਸੀ ਕਿ ਉਹ ਵੀ ਆਪਣੇ ਪੁਰਖਿਆਂ ਦੀ ਤਰ੍ਹਾਂ ਊਠ ਉੱਤੇ ਸਵਾਰ ਹੋ ਕੇ ਹੀ ਆਪਣੀ ਲਾੜੀ ਨੂੰ ਵਿਆਹ ਕੇ ਲਿਆਵੇਗਾ।