ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਪੁਲਿਸ ਨੇ 2015 'ਚ ਹੋਏ ਬਰਗਾੜੀ ਬੇਅਦਬੀ ਮਾਮਲੇ ਦੇ ਭਗੌੜੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਅਯੁਧਿਆ ਤੋਂ ਗ੍ਰਿਫ਼ਤਾਰ ਕੀਤਾ ਸੀ। ਇੱਸ ਗਿਰਫਤਾਰੀ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਸਐਸਪੀ ਫਰੀਦਕੋਟ ਨੂੰ ਉਹਨਾਂ ਦੀ ਟੀਮ ਸਣੇ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰਦਿਆਂ ਡੀਜੀਪੀ ਨੇ ਵਧਾਈ ਦਿੰਦੇ ਹੋਏ ਉਹਨਾਂ ਪੁਲਿਸ ਅਧਿਕਾਰੀਆਂ ਦੇ ਨਾਮ ਸਹਿਤ ਵਧਾਈ ਦਿੰਦਿਆਂ ਲਿਖਿਆ ਕਿ ਹਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਿੱਚ ਇੰਸਪੈਕਟਰ ਹਰਬੰਸ ਸਿੰਘ, ਐਸਆਈ ਸੁਖਜਿੰਦਰਪਾਲ, ਏਐਸਆਈ ਗੁਰਬਚਨ ਸਿੰਘ, ਐਚ.ਸੀ ਰਣਦੀਪ ਸਿੰਘ ਅਤੇ ਸੀ.ਟੀ. ਭਲਵਿੰਦਰ ਸਿੰਘ ਗੁੜਗਾਓਂ ਵੱਲੋਂ ਹਰਿਆਣਾ ਤੋਂ ਪਿਛਲੇ 7 ਸਾਲਾਂ ਤੋਂ ਭਗੌੜੇ ਪਰਦੀਪ ਕਲੇਰ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਸ ਸਾਰੀ ਟੀਮ ਦੀ ਮਿਹਨਤ ਅਤੇ ਲਗਨ ਸ਼ਬਾਸ਼ੀ ਦੀ ਹੱਕਦਾਰ ਹੈ।
ਅਯੁਧਿਆ ਮੰਦਿਰ 'ਚ ਮੱਥਾ ਟੇਕਦੇ ਦੀ ਤਸਵੀਰ ਹੋਈ ਸੀ ਵਾਇਰਲ : ਦੱਸਣਯੋਗ ਹੈ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਬੇਅਦਬੀ ਮਾਮਲਿਆਂ ਵਿੱਚ ਲੋੜੀਂਦਾ ਸੀ। ਬਰਗਾੜੀ ਵਿਖੇ 2015 ਚ ਵਾਪਰੇ ਬੇਅਦਬੀ ਮਾਮਲਿਆਂ ਨਾਲ ਜੁੜੇ ਤਿੰਨ ਮਾਮਲਿਆਂ ’ਚ ਨਾਮਜ਼ਦ ਡੇਰਾ ਸਿਰਸਾ ਦੀ ਨੈਸ਼ਨਲ ਕਮੇਟੀ ਮੈਂਬਰ ਸੀ। ਜਾਣਕਾਰੀ ਮੁਤਾਬਿਕ ਕੁਜ ਦਿਨ ਪਹਿਲਾਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਚ ਸ਼ਾਮਿਲ ਹੋਏ ਪਰਦੀਪ ਕਲੇਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਉਸਨੂੰ ਫਰੀਦਕੋਟ ਦੀ ਪੁਲਿਸ ਨੇ ਕਾਬੂ ਕਰਨ ਤੋਂ ਬਾਅਦ ਅਦਾਲਤ 'ਚ ਪੇਸ਼ ਕੀਤਾ, ਜਿਥੇ ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਜਾ ਚੁੱਕਾ ਹੈ।
ਪਹਿਲਾਂ ਵੀ ਦਰਜ ਹਨ ਮਾਮਲੇ: ਪ੍ਰਦੀਪ ਕਲੇਰ ਉੱਤੇ ਫ਼ਰੀਦਕੋਟ ਅਤੇ ਮੋਗਾ ਜ਼ਿਲ੍ਹੇ ਅੰਦਰ ਅੱਠ ਮਾਮਲੇ ਦਰਜ ਹਨ। ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ। ਉਹ ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਭਗੌੜਾ ਸੀ। ਪ੍ਰਦੀਪ ਕਲੇਰ ਦੇ ਖ਼ਿਲਾਫ਼ ਜ਼ਿਲ੍ਹਾ ਬਠਿੰਡਾ ਦੇ ਦਿਆਲਪੁਰਾ ਥਾਣੇ ਅਤੇ ਮੋਗਾ ਦੇ ਸਮਾਲਸਰ ਥਾਣੇ ਵਿੱਚ ਵੀ ਮਾਮਲਾ ਦਰਜ ਹੈ।
ਕੀ ਹੈ ਬਰਗਾੜੀ, ਬੇਅਦਬੀ ਕੇਸ ?: 12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਹੋਏ ਮਿਲੇ ਸਨ। ਇਹ ਪੱਤਰੇ 1 ਜੂਨ 2015 ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਸਨ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।ਇਸ ਤੋਂ ਬਾਅਦ ਕਈ ਗਿਰਫਤਾਰੀਆਂ ਹੋਈਆਂ ਅਤੇ ਕਈਆਂ ਉਤੇ ਮਾਮਲੇ ਦਰਜ ਹੋਏ ਪਰ ਮੁੱਖ ਦੋਸ਼ੀ ਤੱਕ ਪਹੁੰਚ ਕੇ ਸਜ਼ਾ ਦੇਣ ਦੀ ਕਾਰਵਾਈ ਅੱਜ ਤੱਕ ਵੀ ਪੁਰੀ ਨਹੀਂ ਹੋਈ ।ਜਿਸ ਨੂੰ ਲੈਕੇ ਸਿੱਖ ਸੰਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ।