ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਪਰ ਇਸ ਵਾਰ ਕਿਸਾਨਾਂ ਦੀ ਚਿੰਤਾ ਫਿਰ ਤੋਂ ਵੱਧ ਗਈ ਹੈ ਕਿਉਂਕਿ ਕਿਸਾਨਾਂ ਦੀ ਸ਼ਿਮਲਾ ਮਿਰਚ ਦੀ ਫਸਲ ਉੱਤੇ ਅਮਰੀਕਨ ਸੁੰਡੀ ਦਾ ਹਮਲਾ ਹੋਇਆ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨ ਤੋਂ ਬਾਅਦ ਵੀ ਸੁੰਡੀ ਦਾ ਹਮਲਾ ਨਹੀਂ ਰੁਕ ਰਿਹਾ। ਜਿਸ ਕਾਰਨ ਕਿਸਾਨ ਮਜਬੂਰ ਹੋ ਕੇ ਸ਼ਿਮਲਾ ਮਿਰਚ ਦੀ ਫਸਲ ਨੂੰ ਸੜਕਾਂ ਉੱਤੇ ਸੁੱਟਣ ਦੇ ਲਈ ਮਜਬੂਰ ਹੋ ਗਏ ਹਨ।
ਨਹੀਂ ਰੁਕ ਰਿਹਾ ਸੁੰਡੀ ਦਾ ਹਮਲਾ: ਕਿਸਾਨਾਂ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ਦੇ ਵਿੱਚ ਉਨ੍ਹਾਂ ਵੱਲੋਂ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਹੈ ਪਰ ਇਸ ਵਾਰ ਕਿਸਾਨਾਂ ਦੀ ਫਸਲ ਨੂੰ ਅਮਰੀਕਨ ਸੁੰਡੀ ਦਾ ਸ਼ਿਕਾਰ ਹੋਣਾ ਪੈ ਰਿਹਾ। ਉਹਨਾਂ ਕਿਹਾ ਕਿ ਸ਼ਿਮਲਾ ਮਿਰਚ ਦੀ ਫਸਲ ਉੱਤੇ ਅਮਰੀਕਨ ਸੁੰਡੀ ਦਾ ਹਮਲਾ ਹੋਣ ਕਾਰਨ ਮਿਰਚ ਧਰਤੀ ਉੱਤੇ ਡਿੱਗ ਰਹੀ ਹੈ ਅਤੇ ਰੋਜ਼ਾਨਾ ਲੇਬਰ ਲਗਾ ਕੇ ਖੇਤ ਵਿੱਚੋਂ ਖ਼ਰਾਬ ਸ਼ਿਮਲਾ ਮਿਰਚ ਨੂੰ ਕੱਢ ਕੇ ਬਾਹਰ ਦੂਰ ਸੁੱਟਣਾ ਪੈ ਰਿਹਾ ਹੈ।
ਸਰਕਾਰ ਲਵੇ ਕਿਸਾਨਾਂ ਦੀ ਸਾਰ: ਉਹਨਾਂ ਕਿਹਾ ਕਿ ਜੇਕਰ ਖਰਾਬ ਹੋਈ ਇਸ ਸ਼ਿਮਲਾ ਮਿਰਚ ਨੂੰ ਫਸਲ ਦੇ ਵਿੱਚੋਂ ਬਾਹਰ ਨਹੀਂ ਕੱਢਦੇ ਤਾਂ ਦੂਸਰੀ ਫਸਲ ਦਾ ਵੀ ਨੁਕਸਾਨ ਹੋ ਰਿਹਾ ਹੈ। ਲਗਾਤਾਰ ਉਹਨਾਂ ਵੱਲੋਂ ਕੀਟ ਨਾਸ਼ਕ ਦਵਾਈਆਂ ਦਾ ਛਿੜਕਾ ਕੀਤਾ ਜਾ ਰਿਹਾ ਪਰ ਸੁੰਡੀ ਦਾ ਹਮਲਾ ਨਹੀਂ ਰੁਕ ਰਿਹਾ। ਕਿਸਾਨਾਂ ਨੇ ਕਿਹਾ ਕਿ ਵਿਭਾਗ ਦਾ ਅਧਿਕਾਰੀ ਵੀ ਕੋਈ ਉਹਨਾਂ ਦੇ ਖੇਤਾਂ ਵਿੱਚ ਸਾਰ ਲੈਣ ਨਹੀਂ ਪਹੁੰਚਿਆ। ਜਿਸ ਕਾਰਨ ਕਿਸਾਨ ਨਿਰਾਸ਼ ਹਨ ਅਤੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਤੁਰੰਤ ਅਧਿਕਾਰੀਆਂ ਨੂੰ ਭੇਜ ਕੇ ਸ਼ਿਮਲਾ ਮਿਰਚ ਦੀ ਫਸਲ ਉੱਤੇ ਹੋ ਰਹੇ ਸੁੰਡੀ ਦੇ ਹਮਲੇ ਨੂੰ ਰੋਕਿਆ ਜਾਵੇ। ਉੱਥੇ ਉਹਨਾਂ ਕੀਟਨਾਸ਼ਕ ਦਵਾਈਆਂ ਦੀ ਵਿਭਾਗ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਕਿਉਂਕਿ ਕੀਟਨਾਸ਼ਕ ਦਵਾਈਆਂ ਦਾ ਵੀ ਫਸਲ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਕਿਸਾਨਾਂ ਨੇ ਖੇਤੀਬਾੜੀ ਮੰਤਰੀ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਉਹਨਾਂ ਦੇ ਖੇਤਾਂ ਵਿੱਚ ਪਹੁੰਚ ਕੇ ਉਹਨਾਂ ਦੀ ਫਸਲ ਉੱਤੇ ਹੋ ਰਹੇ ਨੁਕਸਾਨ ਦਾ ਹੱਲ ਲੱਭਿਆ ਜਾਵੇ ਤਾਂ ਕਿ ਕਿਸਾਨ ਨੂੰ ਦੋਹਰੀ ਮਾਰ ਨਾ ਪਵੇ।