ਲੁਧਿਆਣਾ: ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਅੱਜ ਸਾਂਝੇ ਤੌਰ 'ਤੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੀ ਸੂਬਾ ਸਰਕਾਰ ਅਤੇ ਸਰਕਾਰ ਦੇ ਐਮਐਲਏਆਂ 'ਤੇ ਸਵਾਲ ਖੜੇ ਕੀਤੇ ਹਨ। ਕਾਰੋਬਾਰੀਆਂ ਨੇ ਕਿਹਾ ਕਿ ਜਿਹੜੇ ਪਲਾਂਟ ਸਹੀ ਚੱਲ ਰਹੇ ਹਨ। ਸਰਕਾਰ ਉਨਾਂ 'ਤੇ ਪਾਬੰਦੀ ਲਾਉਣ ਦੀ ਗੱਲ ਕਰ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਐਨਜੀਟੀ ਅਤੇ ਹਾਈਕੋਰਟ ਤੱਕ ਵੀ ਕਲੀਨ ਚਿੱਟ ਦੇ ਚੁੱਕੇ ਹਨ। ਕਾਰੋਬਾਰੀਆਂ ਨੇ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਜਿੰਨ੍ਹੇ ਵੀ ਪੈਸੇ ਬੁੱਢੇ ਨਾਲੇ ਦੀ ਸਫਾਈ ਤੇ ਲਾਏ ਹਨ ਉਹ ਉਸ ਸਬੰਧੀ ਵਾਈਟ ਪੇਪਰ ਜਾਰੀ ਕਰੇ ਅਤੇ ਜਿਸ ਨੇ ਘੁਟਾਲੇ ਕੀਤੇ ਹਨ ਉਸ 'ਤੇ ਕਾਰਵਾਈ ਕੀਤੀ ਜਾਵੇ। ਉਸ ਦੀ ਵਿਜੀਲੈਂਸ ਜਾਂਚ ਹੋਵੇ ਉਸ ਤੋਂ ਬਾਅਦ ਉਹ ਪੈਸੇ ਇੰਡਸਟਰੀ ਨੂੰ ਜਾਰੀ ਕਰੇ ਅਤੇ ਇੰਡਸਟਰੀ ਬੁੱਢੇ ਨਾਲੇ ਨੂੰ ਸਾਫ ਕਰਕੇ ਵਿਖਾਏਗੀ ਕਿਉਂਕਿ ਹੁਣ ਬਹੁਤ ਸਮਾਂ ਹੋ ਚੁੱਕਾ ਹੈ।
'ਲੱਖਾਂ ਦੀ ਤਾਦਾਦ 'ਚ ਲੇਬਰ ਜੁੜੀ'
ਯੂਸੀਪੀਐਮਏ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਸਾਡੀਆਂ ਅਗਲੀਆਂ ਪੀੜੀਆਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਕੰਮ ਨਹੀਂ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਮਸਲੇ ਦਾ ਹੱਲ ਗੱਲਬਾਤ ਕਰਕੇ ਹੋਣਾ ਚਾਹੀਦਾ ਹੈ। ਉਸ ਨੂੰ ਹੋਰ ਪੇਚੀਦਾ ਬਣਾਇਆ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਬਾਕੀ ਸੂਬਿਆਂ ਤੋਂ ਸਬਕ ਲੈ ਕੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਡਾਇੰਗ ਇੰਡਸਟਰੀ ਦੇ ਵੀ ਖਿਲਾਫ ਨਹੀਂ ਹਨ। ਉਨ੍ਹਾਂ 'ਤੇ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ। ਪਰ ਇੰਡਸਟਰੀ ਨੂੰ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਕਿਉਂਕਿ ਸਾਡੇ ਨਾਲ ਲੱਖਾਂ ਦੀ ਤਾਦਾਦ 'ਚ ਲੇਬਰ ਜੁੜੀ ਹੋਈ ਹੈ। ਸਰਕਾਰ ਨੂੰ ਉਹ ਟੈਕਸ ਦਿੰਦੇ ਹਨ। ਅਵਤਾਰ ਭੋਗਲ ਨੇ ਕਿਹਾ ਕਿ ਬੁੱਢੇ ਨਾਲੇ ਦੀ ਇਸ ਹਾਲਤ ਲਈ ਕੋਈ ਇੱਕ ਜਿੰਮੇਵਾਰ ਨਹੀਂ ਹੈ।
'ਕੱਪੜੇ ਰੰਗਣ ਵਾਲੀ ਇੰਡਸਟਰੀ 'ਤੇ ਕਾਰਵਾਈ'
ਦੂਜੇ ਪਾਸੇ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਬੀਰ ਸੋਖੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਇਸ ਕਰਕੇ ਉਹ ਆਪਣੀ ਹੁਣ ਸਿਆਸਤ ਚਮਕਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇੰਡਸਟਰੀ ਨੂੰ ਤੰਗ ਕਰਕੇ ਕੁਝ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੱਪੜੇ ਰੰਗਣ ਵਾਲੀ ਇੰਡਸਟਰੀ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੋ ਵਾਤਾਵਰਨ ਪ੍ਰੇਮੀ ਇੰਡਸਟਰੀ ਬੰਦ ਕਰਨ ਦੀ ਗੱਲ ਕਹਿ ਰਹੇ ਹਨ। ਉਹ ਸੁਣਨ ਨੂੰ ਤਾਂ ਚੰਗਾ ਲੱਗਦਾ ਹੈ ਪਰ ਪ੍ਰੈਕਟੀਕਲੀ ਨਹੀਂ ਹੋ ਸਕਦਾ।
ਪੈਸੇ ਪ੍ਰੋਜੈਕਟ ਦੇ ਤਹਿਤ ਲਗਾਏ ਗਏ ਹਨ
ਇੰਡਸਟਰੀ ਦੇ ਪ੍ਰਧਾਨ ਜਗਬੀਰ ਸੋਖੀ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਇੰਡਸਟਰੀ ਰਾਜਸਥਾਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਡੀ ਸੂਬੇ ਵੱਡੀਆਂ-ਵੱਡੀਆਂ ਆਫਰਾਂ ਦੇ ਰਹੇ ਹਨ। ਪਰ ਸਾਡੀ ਸੂਬਾ ਸਰਕਾਰ ਫੇਲ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਬੁੱਢੇ ਨਾਲੇ ਤੇ ਹੁਣ ਤੱਕ ਜਿੰਨੇ ਵੀ ਪੈਸੇ ਪ੍ਰੋਜੈਕਟ ਦੇ ਤਹਿਤ ਲਗਾਏ ਗਏ ਹਨ ਉਨ੍ਹਾਂ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ।