ਹੁਸ਼ਿਆਰਪੁਰ : ਚੰਡੀਗੜ੍ਹ ਮਾਰਗ 'ਤੇ ਸਥਿਤ ਕਸਬਾ ਮਾਹਿਲਪੁਰ ਵਿਖੇ ਇੱਕ ਸੁਨਸਾਨ ਇਲਾਕੇ ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਥੇ ਹੀ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ 'ਤੇ ਪਹੁੰਚੇ ਥਾਣਾ ਮਾਹਿਲਪੁਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਖਬਰ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ, ਜਿੰਨਾ ਵੱਲੋਂ ਜਾਂਚ ਆਰੰਭ ਕਰਦੇ ਹੋਏ ਮ੍ਰਿਤਕ ਨੌਜਵਾਨ ਦੀ ਦੇਹ ਅਤੇ ਉਸ ਦੇ ਕੋਲ ਪਿਆ ਸਾਰਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਜਿਸ ਵਿੱਚ ਨੌਜਵਾਨ ਦਾ ਮੋਟਰਸਾਈਕਲ, ਨਸ਼ੇ ਦਾ ਟੀਕਾ, ਇਕ ਤੇਜ਼ਧਾਰ ਹਥਿਆਰ, ਨਸ਼ੇ ਲਈ ਵਰਤਿਆ ਗਿਆ ਇੱਕ ਚਮਚ ਬਰਾਮਦ ਕੀਤੇ ਹਨ।
ਪਹਿਲਾਂ ਵੀ ਇੱਕ ਨੌਜਵਾਨ ਪੁੱਤ ਗਵਾ ਚੁੱਕਿਆ ਹੈ ਪਰਿਵਾਰ : ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੀਤੇ ਕੱਲ੍ਹ ਤੋਂ ਘਰੋਂ ਲਾਪਤਾ ਸੀ ਤੇ ਉਸਦਾ ਫੋਨ ਬੰਦ ਆ ਰਿਹਾ ਸੀ। ਅੱਜ ਉਨ੍ਹਾਂ ਦੇ ਪੁੱਤ ਦੀ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਵੱਡੇ ਪੁੱਤ ਦਾ ਵੀ ਮਾਹਿਲਪੁਰ 'ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਉਨ੍ਹਾਂ ਦੇ ਛੋਟੇ ਪੁੱਤ ਦੀ ਵੀ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ। ਭਾਵੁਕ ਪਿਤਾ ਨੇ ਕਿਹਾ ਕਿ ਪਹਿਲਾਂ ਸਾਡੇ ਇੱਕ ਪੁੱਤ ਦੀ ਜਾਨ ਗਈ ਤਾਂ ਸਾਡੀ ਸੁਣਵਾਈ ਤੱਕ ਨਹੀਂ ਹੋਈ। ਹੁਣ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ।
ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ : ਦੂਜੇ ਪਾਸੇ ਮੌਕੇ 'ਤੇ ਪਹੁੰਚੇ ਐਸ ਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਅੱਜ ਹੀ ਪੁਲਿਸ ਨੂੰ ਉਕਤ ਨੌਜਵਾਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ ਤੇ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੱਭ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਹੈ ਤੇ ਅੱਜ ਵੀ ਉਸ ਕੋਲੋਂ ਸਰਿੰਜ ਅਤੇ ਚਮਚਾ ਬਰਾਮਦ ਹੋਇਆ ਹੈ। ਜਿਸ ਤੋਂ ਇੰਝ ਜਾਪਦਾ ਹੈ ਕਿ ਨਸ਼ੇ ਦਾ ਟੀਕਾ ਲਗਾਉਂਦਿਆਂ ਉਸ ਨੂੰ ਹਾਰਟ ਅਟੈਕ ਆਇਆ ਹੋਵੇ, ਜਿਸ ਨਾਲ ਉਸਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ ਡਾਕਟਰੀ ਰਿਪੋਰਟ ਤੋਂ ਬਾਅਦ ਅਗਲੀ ਜਾਂਚ ਅਮਲ 'ਚ ਲਿਆਂਦੀ ਜਾਵੇਗੀ।
- ਮਾਨਸਾ ਦੇ ਪਿੰਡ ਕੋਟੜਾ 'ਚ ਨਸ਼ੇ ਦੀ ਓਵਰਡੋਜ ਨਾਲ 28 ਸਾਲਾ ਨੌਜਵਾਨ ਦੀ ਮੌਤ - Death by drug overdose
- ਅੰਮ੍ਰਿਤਸਰ 'ਚ ਰਾਸ਼ਟਰੀ ਭਗਵਾ ਸੈਨਾ ਦੇ ਆਗੂ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਮੁਲਜ਼ਮਾਂ ਦੀ ਤਸਵੀਰ - shot fire in Amritsar
- ਆਖ਼ਿਰਕਾਰ ਕਿਉਂ ਰੁਕੇ ਕੇਂਦਰ ਤੋਂ ਆਉਣ ਵਾਲੇ ਫੰਡ, ਕਿਉਂ ਟੈਕਸਟਾਈਲ ਪਾਰਕ ਹੋਇਆ ਰੱਦ, ਪੜ੍ਹੋ ਖ਼ਾਸ ਰਿਪੋਰਟ - Why funds coming from center stop
ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਮਨਦੀਪ ਸਿੰਘ ਨੇ ਵੀ ਕੈਨੇਡਾ ਚਲੇ ਜਾਣਾ ਸੀ ਪਰ ਉਸ ਦੀ ਮੌਤ ਦੀ ਖ਼ਬਰ ਨੇ ਸਭ ਕੁਝ ਬਦਲ ਦਿੱਤਾ।