ਅੰਮ੍ਰਿਤਸਰ: ਬੀਤੀ 10 ਜੁਲਾਈ ਨੂੰ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਮਹਿਤਾ ਵਿਖੇ ਇੱਕ ਬੁੱਕ ਸ਼ਾਪ ਦੇ ਉੱਤੇ ਫਾਇਰਿੰਗ ਕਰਨ ਵਾਲੇ ਮੁਲਜਮਾਂ ਨੂੰ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਅੱਜ ਰਿਮਾਂਡ ਉਕਤ ਤਿੰਨ ਮੁਲਜ਼ਮਾਂ ਦੇ ਵਿੱਚੋਂ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਲੈ ਕੇ ਜਾਣ 'ਤੇ ਪੁਲਿਸ ਵੱਲੋਂ ਇੱਕ 32 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ ਹੈ।
ਮੁਲਜ਼ਮ ਦੇ ਭੱਜਣ ਦੀ ਕੋਸ਼ਿਸ਼ ਅਸਫਲ: ਇਸ ਦੌਰਾਨ ਰਿਮਾਂਡ 'ਤੇ ਲਿਆਂਦੇ ਗਏ ਮੁਲਜ਼ਮ ਦੇ ਵੱਲੋਂ ਪੁਲਿਸ ਨੂੰ ਪਿਸਟਲ ਬਰਾਮਦ ਕਰਵਾਉਣ ਤੋਂ ਬਾਅਦ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਇਨ੍ਹਾਂ ਹੀ ਨਹੀਂ ਡੀਐਸਪੀ ਜੰਡਿਆਲਾ ਗੁਰੂ ਦੇ ਦੱਸਣ ਅਨੁਸਾਰ ਮੁਲਜ਼ਮ ਵੱਲੋਂ ਪੁਲਿਸ ਪਾਰਟੀ 'ਤੇ ਰੋੜ੍ਹੇ ਵੀ ਮਾਰੇ ਗਏ ਸਨ। ਮੁਲਜ਼ਮ ਦੇ ਭੱਜਣ ਦੀ ਕੋਸ਼ਿਸ਼ ਨੂੰ ਅਸਫਲ ਕਰਦੇ ਹੋਏ ਪੁਲਿਸ ਵੱਲੋਂ ਉਕਤ ਮੁਲਜਮ ਨੂੰ ਭੱਜਣ ਦੌਰਾਨ ਚੇਤਾਵਨੀ ਦਿੰਦੇ ਹੋਏ ਪਹਿਲਾਂ ਇੱਕ ਹਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਦੂਜਾ ਫਾਇਰ ਭੱਜ ਰਹੇ ਮੁਲਜ਼ਮ ਦੇ ਲੱਤ ਵਿੱਚ ਲੱਗਣ ਤੋਂ ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗੁਪਤ ਸੂਚਨਾ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ: ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ 10 ਜੁਲਾਈ ਨੂੰ ਕਸਬਾ ਮਹਿਤਾ ਦੇ ਵਿੱਚ ਇੱਕ ਬੁੱਕ ਸ਼ਾਪ 'ਤੇ ਫਾਇਰਿੰਗ ਅਤੇ ਇਸ ਤੋਂ ਤਿੰਨ ਦਿਨ ਬਾਅਦ ਇੱਕ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਸਬੰਧੀ ਥਾਣਾ ਮਹਿਤਾ ਦੇ ਵਿੱਚ ਦਰਜ ਇੱਕ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਬੀਤੇ ਦਿਨੀਂ 16 ਅਗਸਤ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਜਿਨਾਂ ਵਿੱਚੋਂ ਅੱਜ ਇੱਕ ਮੁਲਜ਼ਮ ਨੂੰ ਪਿੰਡ ਉਦੋਂ ਨੰਗਲ ਦੇ ਵਿੱਚ ਪਿਸਟਲ ਦੀ ਰਿਕਵਰੀ ਦੇ ਲਈ ਲਿਆਂਦਾ ਗਿਆ ਸੀ। ਜਿਸ ਦੌਰਾਨ ਮੁਲਜ਼ਮ ਵੱਲੋਂ ਮੌਕੇ ਦੇ ਉੱਤੋਂ ਇੱਕ ਪਿਸਟਲ ਦੀ ਰਿਕਵਰੀ ਕਰਵਾਈ ਗਈ ਅਤੇ ਬਾਅਦ ਵਿੱਚ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਹੱਥਕੜੀ ਸਮੇਤ ਭੱਜਦੇ ਹੋਏ ਮੁਲਜ਼ਮ ਨੇ ਪੁਲਿਸ ਪਾਰਟੀ ਦੇ ਇੱਟਾਂ ਰੋੜ੍ਹੇ ਵੀ ਮਾਰੇ।
ਭੱਜਦੇ ਹੋਏ ਮੁਲਜ਼ਮ ਦੇ ਗੋਲੀ ਲੱਤ ਵਿੱਚ ਜਾ ਲੱਗੀ: ਇਸ ਘਟਨਾਕ੍ਰਮ ਦੌਰਾਨ ਪੁਲਿਸ ਟੀਮ ਵੱਲੋਂ ਮੁਸਤੈਦੀ ਵਰਤਦੇ ਹੋਏ ਭੱਜ ਰਹੇ ਮੁਲਜ਼ਮ ਨੂੰ ਚੇਤਾਵਨੀ ਦਿੰਦੇ ਹੋਏ ਇੱਕ ਹਵਾਈ ਫਾਇਰ ਕੀਤਾ ਗਿਆ। ਜਿਸ ਤੋਂ ਬਾਅਦ ਵੀ ਨਾਂ ਰੁਕਣ ਤੇ ਕੀਤੇ ਗਏ ਦੂਜੇ ਫਾਇਰ ਦੌਰਾਨ ਉਕਤ ਭੱਜਦੇ ਹੋਏ ਮੁਲਜ਼ਮ ਦੇ ਗੋਲੀ ਲੱਤ ਵਿੱਚ ਜਾ ਲੱਗੀ ਅਤੇ ਉਸ ਨੂੰ ਜਖ਼ਮੀ ਹਾਲਤ ਵਿੱਚ ਗ੍ਰਿਫਤਾਰ ਕਰਕੇ ਇਲਾਜ ਦੇ ਲਈ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ ਹੈ।
ਮੁਲਜ਼ਮ ਨੂੰ ਫਾਇਰਿੰਗ ਦੌਰਾਨ ਮੁੜ ਤੋਂ ਕਾਬੂ ਕਰ ਲਿਆ: ਜ਼ਿਕਰਯੋਗ ਹੈ ਕਿ 10 ਜੁਲਾਈ 2024 ਨੂੰ ਕਥਿਤ ਮੁਲਜਮਾਂ ਵੱਲੋਂ ਮਹਿਤਾ ਚੌਂਕ ਦੇ ਵਿੱਚ ਸਥਿਤ ਇੱਕ ਬੁੱਕ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ ਤਿੰਨ ਦਿਨ ਬਾਅਦ ਦੁਕਾਨਦਾਰ ਨੂੰ ਇੱਕ ਕਰੋੜ ਦੀ ਫਰੌਤੀ ਦੇ ਲਈ ਕਾਲ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਹਿਊਮਨ ਅਤੇ ਸਾਈਬਰ ਸੈਲ ਦੀ ਮਦਦ ਦੇ ਨਾਲ ਕਥਿਤ ਮੁਲਜ਼ਮਾਂ ਨੂੰ ਟਰੇਸ ਕੀਤਾ ਗਿਆ। ਉਕਤ ਮੁਲਜ਼ਮਾਂ ਸਬੰਧੀ ਮਿਲੀ ਗੁਪਤ ਸੂਚਨਾ ਦੇ ਆਧਾਰ ਉੱਤੇ ਬੀਤੀ 16 ਅਗਸਤ ਨੂੰ ਤਿੰਨ ਕਥਿਤ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਾਨਯੋਗ ਅਦਾਲਤ ਵੱਲੋਂ ਦੂਸਰੀ ਵਾਰ ਮਿਲੇ ਰਿਮਾਂਡ ਤੋਂ ਬਾਅਦ ਅੱਜ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਲਿਆਂਦਾ ਗਿਆ ਸੀ। ਜਿਸ ਨੇ ਰਿਕਵਰੀ ਕਰਵਾਉਣ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਫਾਇਰਿੰਗ ਦੌਰਾਨ ਮੁੜ ਤੋਂ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਮੁਲਜ਼ਮ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਤੋਂ ਇਲਾਵਾ ਬਾਕੀ ਗ੍ਰਿਫ਼ਤਾਰ ਦੋ ਕਥਿਤ ਮੁਲਜ਼ਮਾਂ ਨੂੰ ਕੱਲ 23 ਅਗਸਤ ਨੂੰ ਰਿਮਾਂਡ ਖਤਮ ਹੋਣ ਉੱਤੇ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਵਿਖੇ ਪੇਸ਼ ਕੀਤਾ ਜਾਵੇਗਾ।