ਅੰਮ੍ਰਿਤਸਰ : ਬੀਤੀ ਦੇਰ ਰਾਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਦੁਨੀਆ ਦੇ ਬਿਹਤਰੀਨ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦਾ ਦਿਹਾਂਤ ਹੋ ਗਿਆ। ਪੂਰੇ ਦੇਸ਼ ਵਿੱਚ ਉਹਨਾਂ ਦੇ ਦੁਨੀਆਂ ਤੋਂ ਚਲੇ ਜਾਣ ਦਾ ਦੁੱਖ ਹੈ। ਉਥੇ ਹੀ ਅੱਜ ਡਾਕਟਰ ਮਨਮੋਹਨ ਸਿੰਘ ਦੇ ਸਿੱਖਿਆ ਅਦਾਰੇ ਹਿੰਦੂ ਕਾਲਜ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਨੇ ਵੀ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਕਾਲਜ ਅਧਿਆਪਕਾਂ ਨੇ ਕੀਤਾ ਯਾਦ
ਇਸ ਮੌਕੇ ਕਾਲਜ ਦੇ ਲੈਕਚਰਾਰ ਡਾਕਟਰ ਅਰੁਣ ਮਹਿਰਾ ਨੇ ਕਿਹਾ ਕਿ ਮੈਂ ਇਸ ਕਾਲਜ ਵਿੱਚ 40 ਸਾਲ ਪੜ੍ਹਾਇਆ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਬਣਾਉਣੀ ਸੀ ਤੇ ਅਸੀਂ ਸਭ ਤੋਂ ਪਹਿਲੀ ਚਿੱਠੀ ਡਾਕਟਰ ਮਨਮੋਹਨ ਸਿੰਘ ਨੂੰ ਲਿਖੀ ਸੀ। ਅਸੀਂ ਉਸ ਵਿੱਚ ਲਿਖਿਆ ਸੀ ਕਿ ਅਸੀਂ ਤੁਹਾਨੂੰ ਇਸ ਕਾਲਜ ਦੀ ਐਸੋਸੀਏਸ਼ਨ ਦਾ ਪਹਿਲਾ ਮੈਂਬਰ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਦੇ ਜਵਾਬ ਵਿੱਚ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਮੈਂ ਜੋ ਵੀ ਹਾਂ, ਜਿੱਥੇ ਵੀ ਹਾਂ, ਇਸ ਕਾਲਜ ਦੀ ਹੀ ਬਦੌਲਤ ਹਾਂ। ਮੇਰਾ ਆਪਣਾ ਹਿੰਦੂ ਕਾਲਜ ਹੈ, ਜਿਸ ਨੇ ਮੈਨੂੰ ਇਸ ਯੋਗ ਸਮਝਿਆ ਮੈਂ ਸ਼ੁਕਰਗੁਜ਼ਾਰ ਹਾਂ।
ਮਨਮੋਹਨ ਸਿੰਘ ਦੀਆਂ ਯਾਦਾਂ 'ਚ ਰਿਹਾ ਕਾਲਜ
ਅੱਗੇ ਬੋਲਦਿਆਂ ਡਾਕਟਰ ਅਰੁਣ ਮਹਿਰਾਂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਹਿੰਦੂ ਕਾਲਜ ਦੀਆਂ ਪੁਰਾਣੀਆਂ ਯਾਦਾਂ ਅੱਜ ਵੀ ਉਹਨਾਂ ਦੇ ਮਨ ਵਿੱਚ ਹਨ ਤੇ ਅੱਜ ਵੀ ਉਹ ਯਾਦ ਕਰਕੇ ਕਈ ਵਾਰ ਭਾਵਕ ਹੋ ਜਾਂਦੇ ਹਨ। ਉਹ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਹਨਾਂ ਕਾਲਜ ਵਿੱਚ ਪੜ੍ਹਾਈ ਕੀਤੀ ਸੀ। ਉਹਨਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਹੁਦਾ ਸੰਭਾਲਿਆ ਤਾਂ ਉਹ ਪਹਿਲੀ ਵਾਰ ਅੰਮ੍ਰਿਤਸਰ ਆਏ ਤਾਂ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਦੇ ਜਾਣ ਦੇ ਨਾਲ ਸਾਰਾ ਦੇਸ਼ ਉਹਨਾਂ ਨੂੰ ਯਾਦ ਕਰ ਰਿਹਾ ਹੈ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਦੇਸ਼ ਵਿਚ ਜਦੋਂ ਵੀ ਕਦੇ ਅਰਥ ਸ਼ਾਸਤਰ ਦੀ ਗੱਲ ਹੋਵੇਗੀ ਤਾਂ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਅਵਲ ਨੰਬਰ 'ਤੇ ਲਿਆ ਜਾਵੇਗਾ।