ਬਰਨਾਲਾ : ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵਲੋਂ ਅੱਜ ਦੋ ਅਹਿਮ ਮੁੱਦਿਆਂ ਉਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਗਿਆ। ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਉਪਰ ਪਾਣੀ ਟੈਕਸ ਸਬੰਧੀ ਇੱਕ ਦਿਨ ਪਹਿਲਾਂ ਨੋਟੀਫਿਕੇਸ਼ਨ ਕੱਢਣ ਦਾ ਦੋਸ਼ ਲਗਾਇਆ। ਉਥੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਖੇਤਾਂ ਨੂੰ 100 ਫ਼ੀਸਦੀ ਨਹਿਰੀ ਪਾਣੀ ਮਿਲਣ ਸਬੰਧ ਸੂਬਾ ਸਰਕਾਰ ਫ਼ੇਕ ਅੰਕੜੇ ਬਣਾ ਰਹੀ ਹੈ। ਜਿਸਦਾ ਸਿੱਧਾ ਅਸਲ ਐਸਵਾਈਐਲ ਨਹਿਰ ਕੇਸ ਉਪਰ ਪਵੇਗਾ। ਇਸ ਮੌਕੇ ਉਹਨਾਂ ਨਾਲ ਬਰਨਾਲਾ ਜਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਹਲਕਾ ਇੰਚਾਰਜ ਮਨੀਸ਼ ਬਾਂਸਲ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਹਾਜ਼ਰ ਸੀ।
ਸੁਖਪਾਲ ਸਿੰਘ ਖਹਿਰਾ ਨੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਸਰਕਾਰ ਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਤੋਂ ਪਾਣੀ ਦਾ ਸੈਸ ਉਗਰਾਹੁਣ ਦੇ ਹੁਕਮ ਦਿੱਤੇ ਹਨ। 14 ਮਈ ਨੂੰ ਇਸ ਨੋਟੀਫਿਕੇਸ਼ਨ ਰਾਹੀਂ ਸੂਬਾ ਸਰਕਾਰ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਜਿਸ ਤਹਿਤ ਕਿਸਾਨ ਅੰਦੋਲਨ ਦੌਰਾਨ ਆਪ ਸਰਕਾਰ ਨੇ ਕਿਸਾਨ ਵਿਰੋਧੀ ਰੋਲ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਿਰਫ਼ 17 ਫ਼ੀਸਦੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ। ਪਰ ਪੰਜਾਬ ਸਰਕਾਰ 100 ਫ਼ੀਸਦੀ ਖੇਤਾਂ ਤੱਕ ਪਾਣੀ ਪੁੱਜਣ ਦੇ ਸਬੰਧੀ ਨਹਿਰੀ ਵਿਭਾਗ ਦੇ ਪਟਵਾਰੀਆਂ ਉਪਰ ਦਬਾਅ ਪਾ ਕੇ ਝੂਠੇ ਅੰਕੜੇ ਬਨਾਉਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸੁਪਰੀਮ ਕੋਰਟ ਵਿੱਚ ਐਸਵਾਈਐਲ ਨੂੰ ਲੈ ਕੇ ਪੰਜਾਬ ਦਾ ਪੱਖ ਬਹੁਤ ਕਮਜ਼ੋਰ ਹੋਵੇਗਾ। ਸੂਬਾ ਸਰਕਾਰ ਨੇ ਪਟਵਾਰ ਯੂਨੀਅਨ ਦੇ ਪ੍ਰਧਾਨ ਜਸਕਰਨ ਸਿੰਘ ਉਪਰ ਪਰਚਾ ਦਰਜ਼ ਕਰਕੇ ਸਸਪੈਂਡ ਕਰ ਦਿੱਤਾ ਹੈ ਅਤੇ ਸੈਂਕੜੇ ਪਟਵਾਰੀਆਂ ਉਪਰ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹਨਾ ਦੋਵੇਂ ਮੁੱਦਿਆਂ ਉਪਰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਪਟਵਾਰੀਆਂ ਦੀ ਇਸ ਸਬੰਧੀ ਇੱਕ ਅਹਿਮ ਮੀਟਿੰਗ ਅੱਜ ਹੀ ਬਠਿੰਡਾ ਵਿੱਚ ਹੋ ਰਹੀ ਹੈ ਅਤੇ ਪਟਵਾਰ ਯੂਨੀਅਨ ਨੇ ਖ਼ੁਦ 100 ਫ਼ੀਸਦੀ ਪਾਣੀ ਖੇਤਾਂ ਨੂੰ ਮਿਲਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ।
- ਵਪਾਰ-ਕਿਸਾਨ ਯੂਨੀਅਨ ਵਿਵਾਦ ਦਾ ਨਵਾਂ ਅਪਡੇਟ, ਹੱਥੋ ਪਾਈ ਹੋਈਆਂ ਦੋਵੇਂ ਧਿਰਾਂ, ਮਾਮਲਾ ਸੁਲਝਾਉਣ ਪਹੁੰਚੀ ਪੁਲਿਸ - Trade farmers union dispute
- ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਸੰਗ ਰੋਡ ਸ਼ੋਅ ਨਾਲ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ - Punjab Kejriwal AAP Campaign
- ਚੋਣਾਂ ਦੇ ਮੱਦੇਨਜ਼ਰ ਹੁਣ ਡੇਰਾ ਬਿਆਸ ਵਿਖੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਣੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਲਗਵਾਈ ਹਾਜ਼ਰੀ - Hans Raj Hans met Gurinder Dhillon
ਮੀਤ ਹੇਅਰ ਦਾ ਪਿੰਡਾਂ ਵਿੱਚ ਵਿਰੋਧ ਸਬੰਧੀ ਖਹਿਰਾ ਨੇ ਕਿਹਾ ਕਿ ਕਿਸਾਨ ਵਿਰੋਧੀ ਫ਼ੈਸਲਾ ਸਰਕਾਰ ਲੈ ਰਹੀ ਹੈ। ਹਰਿਆਣਾ ਪੁਲਿਸ ਵਲੋਂ ਪੰਜਾਬ ਦੀ ਹੱਦ ਵਿੱਚ ਆ ਕੇ ਕਿਸਾਨਾਂ ਨਾਲ ਜ਼ਬਰ ਕੀਤਾ ਗਿਆ, ਪਰ ਸਰਕਾਰ ਨੇ ਇੱਕ ਵੀ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਕਿਸਾਨ ਜੱਥੇਬੰਦੀਆਂ ਨੂੰ ਬੀਜੇਪੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ 2024 ਦੀ ਚੋਣ ਸੰਗਰੂਰ ਲੋਕ ਸਭਾ ਤੋਂ ਕਾਂਗਰਸ ਦੀ ਜਿੱਤ ਹੋਈ ਤਾਂ 2027 ਦੀ ਸਰਕਾਰ ਦਾ ਕਾਂਗਰਸ ਲਈ ਦਰਵਾਜ਼ਾ ਖੁੱਲ੍ਹ ਜਾਵੇਗਾ।