ਬਠਿੰਡਾ: ਬੀਤੇ ਦਿਨ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਵਿੱਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਉੱਪਰ ਬਾਹਰਲੇ ਕੁਝ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਕਾਲਜ ਵਿੱਚ ਹੀ ਕੁੱਟਮਾਰ ਕੀਤੀ ਗਈ ਸੀ, ਜਿਸ ਕਾਰਨ ਵਿਦਿਆਰਥੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕੁਝ ਲੋਕਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਸੀ।
ਕਾਲਜੀ ਵਿਦਿਆਰਥੀ 'ਤੇ ਹਮਲਾ
ਉਥੇ ਹੀ ਇਸ ਮਾਮਲੇ 'ਚ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਵਿਦਿਆਰਥੀ ਨੂੰ ਆਪਣੇ ਨਾਲ ਲੈ ਕੇ ਕਾਲਜ ਦੇ ਗੇਟ ਬਾਹਰ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਦੇ ਖਿਲਾਫ ਸਾਂਝੇ ਤੌਰ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੰਨਾਂ ਨੇ ਮੰਗ ਕੀਤੀ ਕਿ ਅਜਿਹੇ ਬਾਹਰਲੇ ਲੋਕਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਕਾਲਜ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ 'ਤੇ ਆ ਕੇ ਹਮਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਵਿਦਿਆਰਥੀ ਯੂਨੀਅਨ ਵਿੱਚ ਕੰਮ ਕਰਦਾ ਹੈ ਅਤੇ ਹਰ ਮੁੱਦੇ 'ਤੇ ਆਪਣੀ ਆਵਾਜ਼ ਉਠਾਉਂਦਾ ਰਹਿੰਦਾ, ਜਿਸ ਤੋਂ ਬਾਅਦ ਇਸ ਦੇ ਉੱਪਰ ਹਮਲਾ ਕੀਤਾ ਗਿਆ।
ਪੁਲਿਸ ਅਤੇ ਕਾਲਜ ਪ੍ਰਸ਼ਾਸਨ ਖਿਲਾਫ਼ ਧਰਨਾ
ਇਸ ਮੌਕੇ ਕਾਲਜ ਵਿਦਿਆਰਥੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਉੱਪਰ ਬਾਹਰਲੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ, ਕਿਉਂਕਿ ਮੈਂ ਸਮੇਂ-ਸਮੇਂ ਸਿਰ ਵਿਦਿਆਰਥੀਆਂ ਦੀ ਆਵਾਜ਼ ਚੁੱਕਦਾ ਰਹਿੰਦਾ ਹਾਂ। ਮੈਨੂੰ ਕੰਟੀਨ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਅਤੇ ਮੈਨੂੰ ਧਮਕੀਆਂ ਵੀ ਦਿੱਤੀਆਂ ਤੇ ਮੈਂ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਐਡਮਿਟ ਸੀ। ਉਸ ਨੇ ਕਿਹਾ ਕਿ ਹੁਣ ਮੈਨੂੰ ਸਾਥੀ ਯੂਨੀਅਨ ਦੇ ਲੀਡਰਾਂ ਵੱਲੋਂ ਅੱਜ ਕਾਲਜ ਵਿੱਚ ਛੱਡਿਆ ਗਿਆ ਕਿਉਂਕਿ ਬਹੁਤ ਸਾਰੇ ਕਾਲਜਾਂ ਦੇ ਵਿੱਚ ਬਾਹਰਲੇ ਲੋਕ ਨਸ਼ਾ ਤਸਕਰੀ ਦਾ ਕੰਮ ਵੀ ਕਰਦੇ ਹਨ, ਜਿਸ ਕਰਕੇ ਇਹਨਾਂ ਖਿਲਾਫ ਬੋਲਣ ਵਾਲੇ ਵਿਦਿਆਰਥੀਆਂ ਉੱਪਰ ਹਮਲੇ ਹੋ ਰਹੇ ਹਨ।
ਬਾਹਰੀ ਨੌਜਵਾਨਾਂ ਨੇ ਕੀਤੀ ਕੁੱਟਮਾਰ
ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਦਾ ਕਹਿਣਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਕਾਲਜ ਪ੍ਰਸ਼ਾਸਨ ਨੂੰ ਇਸ ਗੱਲ ਦੀ ਚਿਤਾਵਨੀ ਵੀ ਦਿੰਦੇ ਹਾਂ ਕਿ ਸਾਡੇ ਸਬੰਧਤ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਦੀ ਗੱਲ ਨਾ ਕੀਤੀ ਜਾਵੇ। ਅਸੀਂ ਇਸ ਗੱਲ ਦਾ ਹਮੇਸ਼ਾ ਵਿਰੋਧ ਕੀਤਾ ਹੈ ਅਤੇ ਕਰਦੇ ਰਵਾਂਗੇ।
ਕੁੱਟਮਾਰ 'ਚ ਚਾਰ ਲੋਕ ਕਾਬੂ
ਇਸ ਮੌਕੇ ਐਸਐਚਓ ਥਾਣਾ ਕੋਤਵਾਲੀ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਤੇ ਚਾਰ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਣਦੀ ਜਾਂਚ ਵਿੱਚ ਸਾਹਮਣੇ ਆਵੇਗਾ ਤਾਂ ਉਸੇ ਤਰ੍ਹਾਂ ਦੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹੋਏ ਤਾਂ ਉਹਨਾਂ ਨੂੰ ਵੀ ਫੜਿਆ ਜਾਵੇਗਾ।