ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਅੱਜ ਇੱਕ ਨਵੇਂ ਸੈਮਸੰਗ ਸਟੋਰ ਦੇ ਉਦਘਾਟਨੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਮਨਪ੍ਰੀਤ ਇਆਲੀ ਵੱਲੋਂ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਸਬੰਧੀ ਆ ਰਹੀ ਦਿੱਕਤਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਸਰਕਾਰ ਦੋਵਾਂ ਨੂੰ ਜਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਹੋਏ। ਉਹਨਾਂ ਕਿਹਾ ਕਿ ਕਈ-ਕਈ ਦਿਨ ਹੋ ਗਏ ਹਨ, ਕਿਸਾਨ ਮੰਡੀਆਂ ਦੇ ਵਿੱਚ ਬੈਠੇ ਹਨ ਤੇ ਫਸਲ ਦੀ ਬੋਲੀ ਤੱਕ ਨਹੀਂ ਹੋ ਰਹੀ।
ਕਿਸਾਨਾਂ ਦੀ ਦਸ਼ਾ ਲਈ ਸਰਕਾਰਾਂ ਜ਼ਿੰਮੇਵਾਰ
ਉਹਨਾਂ ਕਿਹਾ ਇੱਥੋਂ ਤੱਕ ਕਿ ਲਿਫਟਿੰਗ ਦੀ ਵੱਡੀ ਸਮੱਸਿਆ ਹੈ, ਝੋਨਾ ਜੋ ਵਿਕ ਚੁੱਕਾ ਹੈ ਉਹ ਚੁੱਕਿਆ ਨਹੀਂ ਜਾ ਰਿਹਾ ਹੈ। ਉਹਨਾਂ ਕਿਹਾ ਇਸ ਲਈ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੋਵੇਂ ਹੀ ਜਿੰਮੇਵਾਰ ਹਨ। ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹ ਖੁਦ ਵੀ ਖੇਤੀ ਕਰਦੇ ਹਨ ਪਰ ਅਜਿਹੀ ਸਮੱਸਿਆ ਪਹਿਲਾਂ ਕਦੇ ਨਹੀਂ ਆਈ ਜੋ ਇਸ ਵਾਰ ਕਿਸਾਨਾਂ ਨੂੰ ਆ ਰਹੀ ਹੈ। ਉਹਨਾਂ ਕਿਹਾ ਕਿ ਪ੍ਰਬੰਧਾਂ ਦੇ ਵਿੱਚ ਕਮੀ ਹੈ, ਜਿਸ ਕਰਕੇ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਅਕਾਲੀ ਦਲ ਨੂੰ ਲੈਕੇ ਆਖੀ ਇਹ ਗੱਲ
ਦੂਜੇ ਪਾਸੇ ਅਕਾਲੀ ਦਲ ਦੇ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਨਾ ਲੈਣ ਨੂੰ ਲੈ ਕੇ ਵੀ ਉਹਨਾਂ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਜਦੋਂ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਇਸ 'ਤੇ ਕੋਈ ਵਿਸ਼ੇਸ਼ ਟਿੱਪਣੀ ਨਹੀਂ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਨਾਲ ਜੋ ਚੱਲ ਰਿਹਾ ਹੈ, ਉਹ ਸਭ ਨੂੰ ਪਤਾ ਹੈ। ਉਹਨਾਂ ਕਿਹਾ ਕਿਸ ਕਰਕੇ ਉਹ ਇਸ 'ਤੇ ਕੋਈ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦੇ, ਇਹ ਉਹਨਾਂ ਦੀ ਮਰਜ਼ੀ ਹੈ। ਕਾਬਿਲੇਗੌਰ ਹੈ ਕਿ ਮਨਪ੍ਰੀਤ ਇਆਲੀ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਨਰਾਜ਼ ਚੱਲ ਰਹੇ ਹਨ। ਹਾਲਾਂਕਿ ਉਹ ਖੁਦ ਮੁੱਲਾਂਪੁਰ ਦਾਖਾ ਤੋਂ ਅਕਾਲੀ ਦਲ ਦੇ ਹੀ ਵਿਧਾਇਕ ਹਨ। ਅਕਾਲੀ ਦਲ ਦੇ ਕੋਲ ਹੁਣ ਦੋ ਹੀ ਐਮਐਲਏ ਬਚੇ ਹਨ, ਜਿਨਾਂ ਵਿੱਚੋਂ ਮਨਪ੍ਰੀਤ ਇਆਲੀ ਹਨ ਅਤੇ ਉਹ ਪਾਰਟੀ ਦੇ ਸੀਨੀਅਰ ਲੀਡਰ ਵੀ ਹਨ।
ਟੈਕਨਾਲੋਜੀ ਦੀ ਸਹੀ ਵਰਤੋਂ ਬਹੁਤ ਜ਼ਰੂਰੀ
ਉੱਥੇ ਹੀ ਦੂਜੇ ਪਾਸੇ ਉਹਨਾਂ ਨਵੇਂ ਖੋਲੇ ਸਟੋਰ ਨੂੰ ਲੈ ਕੇ ਕਿਹਾ ਕਿ ਟੈਕਨੋਲੋਜੀ ਦਾ ਯੁੱਗ ਹੈ ਅਤੇ ਨਵੀਂ ਟੈਕਨਾਲੋਜੀ ਦੇ ਨਾਲ ਸਾਨੂੰ ਸਾਰਿਆਂ ਨੂੰ ਹੀ ਜਿੱਥੇ ਕਾਫੀ ਫਾਇਦੇ ਮਿਲਦੇ ਹਨ, ਉੱਥੇ ਹੀ ਕੁਝ ਇਸ ਦੀਆਂ ਕਮੀਆਂ ਵੀ ਹਨ। ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਸਟੋਰ ਦੇ ਪ੍ਰਬੰਧਕਾਂ ਨੇ ਲੋਕਾਂ ਨੂੰ ਦਿਵਾਲੀ ਦੀ ਵਧਾਈ ਦਿੱਤੀ ਅਤੇ ਨਾਲ ਹੀ ਕਿਹਾ ਕਿ ਟੈਕਨਾਲੋਜੀ ਦੇ ਯੁੱਗ ਦੇ ਵਿੱਚ ਅੱਜ ਜਿਸ ਤਰ੍ਹਾਂ ਮੋਬਾਈਲ ਵਾਲੇ ਲੋਕਾਂ ਦਾ ਧਿਆਨ ਵੱਧ ਰਿਹਾ ਹੈ। ਉਹਨਾਂ ਕਿਹਾ ਇਸ ਤੋਂ ਜ਼ਾਹਿਰ ਹੈ ਕਿ ਹੁਣ ਲੋਕ ਤਿਉਹਾਰਾਂ ਮੌਕੇ ਵੀ ਸੋਨੇ ਚਾਂਦੀ ਵੱਲ ਘੱਟ ਪਰ ਮੋਬਾਇਲ ਅਤੇ ਨਵੀਂ ਟੈਕਨੋਲੋਜੀ ਦੇ ਗੈਜੇਟ ਖਰੀਦਣਾ ਜਿਆਦਾ ਪਸੰਦ ਕਰਦੇ ਹਨ।