ਅੰਮ੍ਰਿਤਸਰ: ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੇ ਪਹਿਲੇ ਦਿਨ ਫੌਜੀਆਂ ਵੱਲੋਂ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਗਈਆਂ ਸੀ। ਉਹਨਾਂ ਫੌਜੀਆਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ ਗਿਆ ਸੀ, ਪਰ ਲਗਾਤਾਰ ਇਹ ਧਰਮੀ ਫੌਜੀ ਆਪਣੀਆਂ ਮੰਗਾਂ ਨੂੰ ਲੈ ਕੇ ਐਸਜੀਪੀਸੀ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਅਤੇ ਆਪਣੀਆਂ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਧਰਮੀ ਫੌਜੀਆਂ ਵਲੋਂ SGPC ਪ੍ਰਧਾਨ ਨੂੰ ਮੰਗ ਪੱਤਰ
ਇਸ ਦੇ ਚੱਲਦਿਆਂ ਧਰਮੀ ਫੌਜੀਆਂ ਦਾ ਇੱਕ ਵਫਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਅਤੇ ਇੱਕ ਮੰਗ ਪੱਤਰ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮੀ ਫੌਜੀ ਬਲਦੇਵ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਐਸਜੀਪੀਸੀ ਕੋਲ ਆ ਰਹੇ ਹਨ। ਇਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ।
ਪ੍ਰਧਾਨ ਧਾਮੀ ਤੋਂ ਕੀਤੀ ਇਹ ਮੰਗ
ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਮੰਗ ਕੀਤੀ ਹੈ ਕਿ ਧਰਮੀ ਫੌਜੀਆ ਨੂੰ ਮਾਨਤਾ ਦਿੱਤੀ ਜਾਵੇ ਅਤੇ ਜੋ ਕੁਝ ਸਮਾਂ ਪਹਿਲਾਂ ਧਰਮੀ ਫੌਜੀਆਂ ਨੂੰ ਮਾਨਤਾ ਨਾ ਦੇਣ ਦਾ ਮਤਾ ਪਾਸ ਹੋਇਆ ਸੀ, ਉਸ ਮਤੇ ਨੂੰ ਵੀ ਖਾਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼ਹੀਦ ਧਰਮੀ ਫੌਜੀਆਂ ਦੀਆਂ ਤਸਵੀਰਾਂ ਵੀ ਅਜਾਇਬ ਘਰ ਦੇ ਵਿੱਚ ਲਗਵਾਈਆਂ ਜਾਣ। ਇਸ ਦੇ ਨਾਲ ਹੀ ਧਰਮੀ ਫੌਜੀ ਬਲਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਐਸਜੀਪੀਸੀ ਵੱਲੋਂ ਇਸ 'ਤੇ ਐਕਸ਼ਨ ਕਰਦੇ ਹੋਏ ਟਰੱਸਟ ਨੂੰ ਫੋਨ ਕਰਕੇ ਸਾਰੇ ਜਾਣਕਾਰੀ ਹਾਸਿਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਧਾਮੀ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਅਤੇ ਧਰਮੀ ਫੌਜੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਿਤ ਵੀ ਕਰਵਾਇਆ ਜਾਵੇਗਾ।
ਧਰਮੀ ਫੌਜੀਆਂ ਦੇ ਸਨਮਾਨ ਦਾ ਭਰੋਸਾ
ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਬਹੁਤ ਸਾਰੇ ਧਰਮੀ ਫੌਜੀ ਅਜਿਹੇ ਹਨ, ਜਿੰਨਾਂ ਨੇ ਆਪਣੀਆਂ ਦਾਹੜੀਆਂ ਰੰਗੀਆਂ ਹਨ ਜਾਂ ਕੇਸ ਕਤਲ ਕਰਾਉਂਦੇ ਹਨ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੱਟ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਧਾਰਮਿਕ ਪ੍ਰੋਗਰਾਮ ਕਰਕੇ ਧਰਮੀ ਫੌਜੀਆਂ ਦਾ ਸਨਮਾਨ ਕਰਵਾਇਆ ਜਾਵੇ। ਇਸ ਦੇ ਨਾਲ ਹੀ ਧਰਮੀ ਫੌਜੀਆਂ ਨੇ ਕਿਹਾ ਕਿ ਇਸ ਵਾਰ ਐਸਜੀਪੀਸੀ ਦੇ ਪ੍ਰਧਾਨ ਨਾਲ ਬੈਠ ਕੇ ਖੁੱਲ੍ਹੀਆਂ ਵਿਚਾਰਾਂ ਹੋਈਆਂ ਹਨ ਅਤੇ ਆਸ ਹੈ ਕਿ ਇਸ ਵਾਰ ਉਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਅਤੇ ਐਸਜੀਪੀਸੀ ਵੱਲੋਂ ਉਹਨਾਂ ਦੀਆਂ ਮੰਗਾਂ ਜ਼ਰੂਰ ਮੰਨੀਆਂ ਜਾਣਗੀਆਂ।