ਹੈਦਰਾਬਾਦ ਡੈਸਕ: ਪਿਆਰ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ, ਇਸੇ ਕਾਰਨ ਜਿੱਥੇ ਵੀ ਪਿਆਰ ਦਾ ਬੂਟਾ ਲੱਗਦਾ ਤਾਂ ਉਹ ਆਪਣੇ ਹਰ ਪਾਸੇ ਖੁਸ਼ੀਆਂ ਅਤੇ ਮਹੁਬੱਤ ਦੀ ਖੁਸ਼ੂਬੋ ਬਿਖੇਰਦਾ ਹੈ। ਇਸੇ ਪਿਆਰ ਬਾਰੇ ਬਾਬਾ ਫਰੀਦ ਜੀ ਨੇ ਆਖਿਆ ਕਿ "ਪੰਜਾਬੀ ਹੋਣ ਦੀ ਪਹਿਲੀ ਸ਼ਰਤ ਆਸ਼ਕ ਹੋਣਾ, ਆਸ਼ਕ ਵੀ ਉਸ ਦਾ ਜਿਸ ਨੂੰ ਮੈਂ ਜਾਣਦਾ ਨਹੀਂ",। ਬਾਬਾ ਫਰੀਦ ਦੀਆਂ ਇੰਨ੍ਹਾਂ ਹੀ ਸਤਰਾਂ ਨੂੰ 2 ਪੰਜਾਬੀ ਭਰਾਵਾਂ ਨੇ ਸੱਚ ਕਰ ਵਿਖਾਇਆ ਹੈ।
ਮਸਜਿਦ ਲਈ ਜ਼ਮੀਨ ਦਾਨ
ਤੁਹਾਨੂੰ ਦੱਸ ਦਈਏ ਕਿ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਹੀ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿੰਦਰ ਸਿੰਘ ਨੇ ਮੇਨ ਰੋਡ ਨਾਲ ਲਗਦੀ ਤਕਰੀਬਨ 6 ਕਨਾਲ ਥਾਂ ਮਸਜਿਦ ਬਣਾਉਣ ਲਈ ਦਾਨ ਦਿੱਤੀ ਹੈ। ਇਸ ਮੌਕੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ’ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿੱਤਾ। ਨੀਂਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ ਵਿੱਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਨ੍ਹਾਂ ਦੀਆਂ ਨਮਾਜ਼ਾਂ ਦਾ ਫਲ ਸਿੱਖ ਭਾਈਚਾਰੇ ਦੇ ਇਸ ਪਰਿਵਾਰ ਨੂੰ ਮਿਲੇਗਾ, ਜਿਸ ਨੇ ਅਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਮਸਜਿਦ ਦੇ ਲਈ ਥਾਂ ਦਾਨ ਕੀਤੀ ਹੈ।
ਪਿੰਡ 'ਚ ਨਹੀਂ ਸੀ ਕੋਈ ਮਸਜਿਦ
ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵੱਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਅਤੇ ਇਨ੍ਹਾਂ ਤੋਂ ਇਲਾਵਾ ਰਵਿੰਦਰ ਸਿੰਘ ਗਰੇਵਾਲ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤੱਕ ਇਸ ਪਿੰਡ ਵਿਚ ਕੋਈ ਮਸਜਿਦ ਮੌਜੂਦ ਨਹੀਂਂ ਸੀ ਅਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਹੋਰ ਪਿੰਡਾਂ ਵਿਚ ਜਾਣਾ ਪੈਂਦਾ ਸੀ। ਪਿੰਡ ਉਮਰਪੁਰਾ ਵਿਖੇ ਮਸਜਿਦ ਦਾ ਨੀਂਹ ਪੱਥਰ ਰੱਖਣ ਸਮੇਂ ਪਿੰਡ ਦੇ ਮੁਸਲਮਾਨ ਭਾਈਚਾਰਾ 'ਚ ਕਾਫ਼ੀ ਖ਼ੁਸ਼ੀ ਦੇਣ ਨੂੰ ਅਤੇ ਉਹ ਭਾਵਕ ਹੁੰਦੇ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਸਦਕਾ ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ।