ਮਾਨਸਾ : ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਅੱਜ ਸਿੱਧੂ ਮੂਸੇ ਵਾਲਾ ਦੀ ਦੂਜੀ ਬਰਸੀ ਸਾਦੇ ਢੰਗ ਦੇ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਂਦੇ ਹੋਏ ਮਨਾਈ ਜਾ ਰਹੀ ਹੈ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਵੇਰੇ ਹੀ ਆਪਣੇ ਪੁੱਤਰ ਦੀ ਸਮਾਧ ਉੱਤੇ ਪਹੁੰਚੇ ਅਤੇ ਪੁੱਤਰ ਨੂੰ ਯਾਦ ਕਰਦੇ ਹੋਏ ਭਾਵਕ ਹੋ ਗਏ ਅਤੇ ਉਸ ਨੂੰ ਸਿਰੋਪਾਓ ਵੀ ਪਿਤਾ ਵੱਲੋਂ ਦਿੱਤਾ ਗਿਆ।
ਮਾਤਾ-ਪਿਤਾ ਦੀ ਭਾਵੁਕ ਪੋਸਟ: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਹਰ ਵਾਰ ਦੀ ਤਰ੍ਹਾਂ ਅੱਜ ਦੇ ਦਿਨ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਉੱਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਸਾਂਝੀ ਕੀਤੀ ਗਈ। ਨਾਲ ਹੀ, ਪਿਤਾ ਬਲਕੌਰ ਸਿੰਘ ਨੇ ਵੀ ਪੁੱਤ ਲਈ ਇਨਸਾਫ਼ ਨਾ ਮਿਲਣ ਦਾ ਦੁੱਖ ਜਤਾਇਆ ਅਤੇ ਇੰਝ ਜਾਪਿਆ ਕਿ ਦੋਹਾਂ ਨੂੰ ਜਿਵੇਂ ਹੁਣ ਆਪਣੇ ਪੁੱਤਰ ਲਈ ਇਨਸਾਫ਼ ਮਿਲਣ ਦੀ ਉਮੀਦ ਧੁੰਦਲੀ ਨਜ਼ਰ ਆ ਰਹੀ ਹੈ।
ਪ੍ਰਸ਼ੰਸਕਾਂ ਵਲੋਂ ਵੀ ਇਨਸਾਫ਼ ਦੀ ਮੰਗ : ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਹੁੰਚੇ ਪ੍ਰਸੰਸਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ ਅਤੇ ਉਸ ਨੇ ਦੁਨੀਆਂ ਵਿੱਚ ਉਹ ਨਾਮ ਕਮਾਇਆ ਹੈ, ਜੋ ਅੱਜ ਤੱਕ ਕਿਸੇ ਵੀ ਗਾਇਕ ਨੇ ਨਹੀਂ ਕਮਾਇਆ । ਉਨ੍ਹਾਂ ਕਿਹਾ ਕਿ ਮੂਸੇ ਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਨੇ ਨੌਜਵਾਨਾਂ ਦੇ ਦਿਲ ਜਿੱਤੇ ਸੀ। ਨੌਜਵਾਨਾਂ ਨੂੰ ਖੇਤੀ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ ਸੀ। ਪ੍ਰਸ਼ੰਸਕ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਮੇਸ਼ਾ ਦੇ ਲਈ ਅਮਰ ਹੋ ਗਿਆ ਹੈ ਅਤੇ ਉਸ ਦੇ ਗੀਤ ਵੀ ਅਮਰ ਹੋ ਗਏ ਹਨ, ਜਿਨ੍ਹਾਂ ਨੂੰ ਨੌਜਵਾਨ ਆਪਣੀ ਵੱਡੀ ਪਸੰਦ ਸਮਝ ਕੇ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਮਾਪੇ ਆਪਣੇ ਪੁੱਤਰ ਦਾ ਇਨਸਾਫ ਮੰਗ ਰਹੇ ਹਨ ਤੇ ਪੰਜਾਬ ਸਰਕਾਰ ਨੂੰ ਇਨਸਾਫ ਵੀ ਦੇਣਾ ਚਾਹੀਦਾ ਹੈ।