ਹੈਦਰਾਬਾਦ ਡੈਸਕ: SKM ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ ਸ਼ੁਭਕਰਨ ਦੀ ਅਸਥੀ ਕਲਸ਼ ਯਾਤਰਾ ਸ਼ੁਰੂ ਕੀਤੀ ਗਈ ਹੈ, ਜੋ ਮਿਥੇ ਸਮੇਂ ਅਨੁਸਾਰ ਐਤਵਾਰ ਨੂੰ ਜਟਵਾੜ ਵਿਖੇ ਰਾਤ ਦਾ ਠਹਿਰਣ ਤੋਂ ਬਾਅਦ ਅੱਜ ਸਵੇਰੇ ਯਾਤਰਾ ਮੁੜ ਅਗਲੇ ਪੜਾਅ ਲਈ ਸ਼ੁਰੂ ਹੋਈ। ਫਿਰ ਯਾਤਰਾ ਰਾਤ ਨੂੰ ਯਮੁਨਾਨਗਰ ਵਿੱਚ ਰੁਕੇਗੀ ਅਤੇ ਅਗਲੀ ਸਵੇਰ ਅਗਲੇ ਪੜਾਅ ਲਈ ਚਾਲੇ ਪਾਵੇਗੀ।
ਇੰਝ ਰਹੇਗਾ ਯਾਤਰਾ ਦਾ ਰੂਟ: ਅੱਜ ਸਵੇਰੇ ਸ਼ੁਭਕਰਨ ਦੀ ਅਸਥੀ ਕਲਸ਼ ਯਾਤਰਾ ਛੱਜੂਮਾਜਰਾ, ਪਟਵੀ ਸਮੇਤ ਕਈ ਪਿੰਡਾਂ ਵਿੱਚੋਂ ਦੀ ਹੁੰਦੀ ਹੋਈ ਸ਼ਾਮ ਨੂੰ ਯਮੁਨਾਨਗਰ ਸਥਿਤ ਕਪਾਲ ਮੋਚਨ ਵਿਖੇ ਪਹੁੰਚੇਗੀ। ਇੱਥੇ ਯਾਤਰਾ ਦਾ ਇੱਕ ਰਾਤ ਦਾ ਰੁਕਣਾ ਹੋਵੇਗਾ। ਇਸ ਤੋਂ ਬਾਅਦ 19 ਮਾਰਚ ਤੋਂ ਕਲਸ਼ ਯਾਤਰਾ 2 ਦਿਨ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ ਵਿੱਚ ਕੱਢੀ ਜਾਵੇਗੀ।
22 ਅਤੇ 31 ਮਾਰਚ ਨੂੰ ਸ਼ਹੀਦੀ ਸਮਾਗਮ: ਹਰਿਆਣਾ-ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨ ਨੌਜਵਾਨ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਕਲਸ਼ ਯਾਤਰਾ ਕੱਢ ਰਹੇ ਹਨ। ਇਹ ਵੀ ਕਿਹਾ ਗਿਆ ਹੈ ਕਿ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹਰਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ।
ਹੁਣ ਤੱਕ 10 ਮੌਤਾਂ, 4 ਦੌਰ ਦੀ ਗੱਲਬਾਤ ਅਸਫਲ ਰਹੀ: ਕਿਸਾਨ ਅੰਦੋਲਨ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 3 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਲਈ ਕਾਨੂੰਨ ਬਣਾਉਣ ਸਮੇਤ ਹੋਰ ਕਈ ਮੰਗਾਂ 'ਤੇ ਅੜੇ ਹੋਏ ਹਨ। ਸਰਕਾਰ ਨਾਲ ਹੁਣ ਤੱਕ 4 ਦੌਰ ਦੀ ਗੱਲਬਾਤ ਅਸਫਲ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੜਤਾਲ 'ਤੇ ਰਹਿਣਗੇ।
ਅੱਜ ਵੀ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਪਛਾਣ 75 ਸਾਲਾਂ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ, ਪਿੰਡ ਖੰਡੂਰ, ਬਲਾਕ ਪੱਖੋਵਾਲ, ਤਹਿਸੀਲ ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ 1 ਏਕੜ ਜ਼ਮੀਨ ਦਾ ਮਾਲਕ ਸੀ। ਉਸ ਦੀ ਸੰਭੂ ਬਾਰਡਰ ਉੱਪਰ ਲੱਗੇ ਮੋਰਚੇ ਵਿੱਚ ਮੌਤ ਹੋ ਗਈ ਹੈ। ਇਸ ਕਿਸਾਨ ਦੀ ਮੌਤ ਤੋਂ ਬਾਅਦ ਕੁੱਲ ਅੰਕੜਾ 9 ਤੋਂ ਵੱਧ ਕੇ 10 ਹੋ ਗਿਆ ਹੈ।
ਜ਼ਿਕਰਯੋਗ ਹੈ ਕਿ 18 ਮਾਰਚ ਕਿਸਾਨ ਅੰਦੋਲਨ ਦਾ 35ਵਾਂ ਦਿਨ ਹੈ। ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਨਾਲ ਲੱਗਦੀ ਡੱਬਵਾਲੀ ਸਰਹੱਦ 'ਤੇ ਹਜ਼ਾਰਾਂ ਕਿਸਾਨ ਖੜ੍ਹੇ ਹਨ।