ਬਠਿੰਡਾ : ਬਠਿੰਡਾ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਦੀਆਂ ਇਮਾਰਤਾਂ ਦੀਆ ਖਬਰਾਂ ਨਾ ਲਾਉਣ ਬਦਲੇ ਨੂੰ ਬਲੈਕਮੇਲ ਕਰਕੇ ਲੱਖਾਂ ਰੁਪਏ ਵਸੂਲਣ ਦਾ ਕੰਮ ਕਰਦਾ ਸੀ। ਪੁਲਿਸ ਜਾਣਕਾਰੀ ਮੁਤਾਬਿਕ ਇਹ ਵਿਅਕਤੀ ਆਪਣੇ ਆਪ ਨੂੰ ਸ਼ਿਵ ਸੈਨਾ ਸੁਤੰਤਰ ਦਾ ਆਗੂ ਦੱਸਦਾ ਸੀ ਅਤੇ ਇਸੇ ਆਧਾਰ 'ਤੇ ਪੁਲਿਸ ਸੁਰੱਖਿਆ ਵੀ ਲਈ ਹੋਈ ਸੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸਤਿੰਦਰ ਕੁਮਾਰ ਉਹਨਾਂ ਨੂੰ ਇਮਾਰਤ ਦਾ ਨਕਸ਼ਾ ਬਣਾਉਣ ਲਈ ਬਲੈਕ ਮੇਲ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋ ਉਸ ਤੋਂ ਨਕਸ਼ਾ ਨਹੀਂ ਬਣਵਾਇਆ ਜਾਂਦਾ ਸੀ ਤਾਂ ਉਹ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਦਿੰਦਾ ਸੀ।
'ਸ਼ਿਵ ਸੈਨਾ ਆਗੂ ਦੇ ਨਾਲ-ਨਾਲ ਪੱਤਰਕਾਰਤਾ ਵੀ ਕਰਦਾ ਸੀ ਮੁਲਜ਼ਮ' : ਮਿਲੀ ਜਾਣਕਾਰੀ ਮੁਤਾਬਿਕ ਉਕਤ ਆਗੂ ਲੋਕਾਂ ਨੂੰ ਨਗਰ ਨਿਗਮ ਤੋਂ ਨਕਸ਼ੇ ਪਾਸ ਕਰਵਾਉਣ ਲਈ ਪੈਸੇ ਮੰਗਦਾ ਸੀ ਅਤੇ ਜੋ ਉਸਨੂੰ ਪੈਸੇ ਨਹੀਂ ਦਿੰਦਾ ਸੀ ਉਸ ਦੀਆਂ ਝੂਠੀਆਂ ਖਬਰਾਂ ਫੈਲਾਉਣ ਦੀ ਧਮਕੀ ਦਿੰਦਾ ਸੀ। ਇਸ ਤਹਿਤ ਉਹ ਧਮਕਾਉਂਦਾ ਸੀ ਕਿ ਜੇਕਰ ਪੈਸੇ ਨਹੀਂ ਦਿਤੇ ਤਾਂ ਉਸ ਦੀ ਖਬਰ ਲਾ ਦਿੱਤੀ ਜਾਵੇਗੀ ਅਤੇ ਖਬਰ ਨਾ ਲਾਉਣ ਸਬੰਧੀ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਵਾਰ-ਵਾਰ ਫੋਨ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ।
ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸਤਿੰਦਰ ਕੁਮਾਰ ਨੂੰ ਕਾਬੂ ਕੀਤਾ ਹੈ। ਇਹ ਮੁਲਜ਼ਮ ਆਪਣੇ ਆਪ ਨੂੰ ਪੱਤਰਕਾਰ ਦੇ ਨਾਲ-ਨਾਲ ਸ਼ਿਵ ਸੈਨਾ ਆਗੂ ਦੱਸਦਾ ਸੀ। ਜਿਸ ਨੂੰ ਪੁਲਿਸ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਜਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਪਾਈ ਗਈ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।