ਅੰਮ੍ਰਿਤਸਰ : ਪੰਜਾਬ ਅਤੇ ਦੇਸ਼ ਭਰ ਵਿੱਚ ਕਈ ਅਜਿਹੇ ਪਿੰਡ ਹਨ, ਜਿੱਥੇ ਇੱਕ ਪਿੰਡ ਦੇ ਵਿੱਚੋਂ ਅਨੇਕਾਂ ਹੀ ਫੌਜੀ ਜਵਾਨ ਭਾਰਤੀ ਫੌਜ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ ਅਤੇ ਦੇਸ਼ ਸੇਵਾ ਕਰਕੇ ਆਪਣਾ, ਆਪਣੇ ਇਲਾਕੇ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੇ ਹਨ। ਠੀਕ ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਦੇ ਤਹਿਸੀਲ ਬਾਬਾ ਬਕਾਲਾ ਅਧੀਨ ਪੈਂਦਾ ਪਿੰਡ ਗੁਰੂ ਨਾਨਕ ਪੁਰਾ ਹੈ, ਜੋ ਕਿ ਆਪਣੇ ਆਪ ਦੇ ਵਿੱਚ ਅਲੱਗ ਪਛਾਣ ਰੱਖਦਾ ਹੈ।
ਜੀ ਹਾਂ ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਦੇ ਅਨੁਸਾਰ ਪਿੰਡ ਗੁਰੂ ਨਾਨਕਪੁਰਾ ਇੱਕ ਅਜਿਹਾ ਪਿੰਡ ਹੈ, ਜਿੱਥੇ ਪੂਰੇ ਪਿੰਡ ਵਿੱਚੋਂ ਅੱਜ ਤੱਕ ਇੱਕ ਹੀ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਇਆ ਸੀ, ਜੋ ਕਿ ਕਰੀਬ ਛੇ ਸਾਲ ਫੌਜ ਦੇ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਂਦਾ ਹੋਇਆ 5 ਫਰਵਰੀ 2021 ਨੂੰ ਸ਼ਹਾਦਤ ਦਾ ਜਾਮ ਪੀ ਗਿਆ। ਬਾਰਡਰ ਸੁਰੱਖਿਆ ਫੋਰਸ ਦੇ ਵਿੱਚ ਕਰੀਬ ਛੇ ਸਾਲ ਸੇਵਾਵਾਂ ਨਿਭਾਉਣ ਵਾਲੇ ਇਸ ਪਿੰਡ ਦੇ ਨੌਜਵਾਨ ਦਾ ਨਾਮ ਸ਼ਹੀਦ ਰੇਸ਼ਮ ਸਿੰਘ ਹੈ।
ਬਿਆਸ ਦੇ ਬਾਜ਼ਾਰ ਵਿੱਚ ਰੇਹੜੀ ਲਗਾ ਕੇ ਕਰ ਰਹੇ ਨੇ ਗੁਜ਼ਾਰਾ: ਦੱਸ ਦਈਏ ਕਿ ਸ਼ਹੀਦ ਰੇਸ਼ਮ ਸਿੰਘ ਇੱਕ ਬੇਹੱਦ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ, ਜਿਨਾਂ ਦੇ ਪਿਤਾ ਰਾਜੂ ਸਿੰਘ ਬਿਆਸ ਦੇ ਬਾਜ਼ਾਰ ਵਿੱਚ ਰੇਹੜੀ ਲਗਾ ਕੇ ਆਪਣਾ ਅਤੇ ਆਪਣੇ ਘਰ ਦਾ ਗੁਜਾਰਾ ਚਲਾਉਂਦੇ ਸਨ, ਪਰ ਇਸ ਦੌਰਾਨ ਹੀ ਇਸ ਗੱਭਰੂ ਨੌਜਵਾਨ ਦੇ ਸਿਰ ਉੱਤੇ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਅਜਿਹਾ ਜਨੂੰਨ ਚੜ੍ਹਿਆ ਕਿ ਉਸਨੇ ਦਿਨ ਰਾਤ ਜਿੱਥੇ ਆਪਣੇ ਪਿਤਾ ਨਾਲ ਮਿਲ ਕੇ ਅਣਥੱਕ ਮਿਹਨਤ ਕਰਨੀ, ਉੱਥੇ ਹੀ ਰੋਾਜ਼ਨਾ ਕਈ-ਕਈ ਕਿਲੋਮੀਟਰ ਤੱਕ ਦੌੜ ਲਗਾ ਕੇ ਆਪਣੇ ਆਪ ਨੂੰ ਭਾਰਤੀ ਫੌਜ ਦੇ ਵਿੱਚ ਸ਼ਾਮਿਲ ਹੋਣ ਦੇ ਕਾਬਿਲ ਬਣਾਇਆ।
ਬੇਸ਼ੱਕ ਸ਼ਹੀਦ ਰੇਸ਼ਮ ਸਿੰਘ ਸਾਲ 2014 ਦੇ ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਕਾਮਯਾਬ ਹੋ ਗਏ, ਪਰ ਬੜੇ ਅਫ਼ਸੋਸ ਦੇ ਨਾਲ ਰਹਿਣਾ ਪੈ ਰਿਹਾ ਹੈ ਕਿ ਕਰੀਬ ਛੇ ਸਾਲ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਵੈਸਟ ਬੰਗਾਲ ਸੂਬੇ ਦੇ ਤ੍ਰਿਪੁਰਾ ਵਿੱਚ ਡਿਊਟੀ ਦੌਰਾਨ 5 ਫਰਵਰੀ 2021 ਨੂੰ ਰੇਸ਼ਮ ਸਿੰਘ ਸ਼ਹਾਦਤ ਦਾ ਜਾਮ ਪੀ ਗਿਆ, ਜਿਸ ਤੋਂ ਬਾਅਦ ਸ਼ਹੀਦ ਰੇਸ਼ਮ ਸਿੰਘ ਦੇ ਪਰਿਵਾਰ ਤੇ ਬੇਹੱਦ ਦੁੱਖਾਂ ਦਾ ਪਹਾੜ ਟੁੱਟ ਗਿਆ। ਪੁੱਤ ਦੀ ਸ਼ਹੀਦੀ ਤੋਂ ਬਾਅਦ ਪਰਿਵਾਰ ਦੇ ਦਿਨ ਰਾਤ ਵਹਿੰਦੇ ਅੱਥਰੂ ਦਿਲ ਝੰਜੋੜ ਕੇ ਰੱਖ ਦਿੰਦੇ ਸਨ।
ਪੁੱਤ ਦੇ ਲਈ ਬਣਾਇਆ ਘਰ ਚ ਅਲੱਗ ਕਮਰਾ: ਬੇਸ਼ੱਕ ਸ਼ਹੀਦ ਰੇਸ਼ਮ ਸਿੰਘ ਨੂੰ ਇਸ ਸੰਸਾਰ ਤੋਂ ਸਰੀਰਕ ਰੂਪ ਦੇ ਵਿੱਚ ਗਏ ਨੂੰ ਕਰੀਬ ਚਾਰ ਸਾਲ ਬੀਤ ਚੁੱਕੇ ਹਨ, ਪਰ ਘਰ ਵਿੱਚ ਪਰਿਵਾਰ ਵੱਲੋਂ ਆਪਣੇ ਪੁੱਤ ਨੂੰ ਦਿਨ ਰਾਤ ਯਾਦ ਰੱਖਦਿਆਂ ਘਰ ਵਿੱਚ ਉਸਦਾ ਇੱਕ ਅਲੱਗ ਕਮਰਾ ਅਤੇ ਸ਼ਹੀਦ ਰੇਸ਼ਮ ਸਿੰਘ ਦੇ ਕੱਪੜਿਆਂ ਤੋਂ ਲੈ ਕੇ ਹਰ ਇੱਕ ਸਮਾਨ ਇਸ ਕਮਰੇ ਦੇ ਵਿੱਚ ਖਾਸ ਤੌਰ ਤੇ ਸਜਾ ਕੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਆਪਣੇ ਪੁੱਤ ਦੀ ਯਾਦ ਆਉਣ 'ਤੇ ਸ਼ਹੀਦ ਰੇਸ਼ਮ ਸਿੰਘ ਦੀ ਮਾਂ ਸ਼੍ਰੀਮਤੀ ਭੋਲੀ ਵੱਲੋਂ ਅੱਜ ਵੀ ਆਪਣੇ ਸ਼ਹੀਦ ਪੁੱਤ ਦੀ ਵਰਦੀ ਨੂੰ ਗਲ ਨਾਲ ਲਗਾ ਕੇ ਖੂਬ ਪਿਆਰ ਦਿੱਤਾ ਜਾਂਦਾ ਹੈ। ਇਸ ਦੌਰਾਨ ਕਿਸੇ ਵੇਲੇ ਹਾਲਾਤ ਅਜਿਹੇ ਹੁੰਦੇ ਹਨ ਕਿ ਸ਼ਹੀਦ ਰੇਸ਼ਮ ਸਿੰਘ ਦੇ ਮਾਤਾ ਆਪਣੇ ਪੁੱਤ ਨੂੰ ਯਾਦ ਕਰ ਮਨ ਹੀ ਮਨ ਵਹਿੰਦੇ ਆਪਣੇ ਅੱਥਰੂਆਂ ਨੂੰ ਰੋਕ ਨਹੀਂ ਪਾਉਂਦੇ।
ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ: ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਰੇਸ਼ਮ ਸਿੰਘ ਦੇ ਪਿਤਾ ਰਾਜੂ ਸਿੰਘ, ਤਾਇਆ ਪੱਪੂ ਰਾਮ, ਪਿੰਡ ਵਾਸੀ ਧਰਮ ਸਿੰਘ ਅਤੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕੀ ਸ਼ਹੀਦ ਰੇਸ਼ਮ ਸਿੰਘ ਨੇ ਜਦ ਵੀ ਛੁੱਟੀ ਵੇਲੇ ਪਿੰਡ ਆਉਣਾ ਤਾਂ ਹਰ ਛੋਟੇ ਵੱਡੇ ਨੂੰ ਐਨਾ ਕੁ ਪਿਆਰ ਦੇਣਾ ਕਿ ਅੱਜ ਵੀ ਪਿੰਡ ਵਾਸੀ ਆਪਣੇ ਸਪੁੱਤਰ ਨੂੰ ਯਾਦ ਕਰ ਮਨ ਭਰ ਲੈਂਦੇ ਹਨ। ਉਹਨਾਂ ਦੱਸਿਆ ਕਿ ਸ਼ਹੀਦ ਰੇਸ਼ਮ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਸ਼ਹੀਦ ਰੇਸ਼ਮ ਸਿੰਘ ਦੇ ਨਾਮ ਉੱਪਰ ਇੱਕ ਖੇਡ ਸਟੇਡੀਅਮ, ਇਕ ਯਾਦਗਾਰੀ ਗੇਟ ਅਤੇ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਰੇਸ਼ਮ ਸਿੰਘ ਦੇ ਨਾਮ ਦੇ ਉੱਤੇ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਹਿਯੋਗ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪਿੰਡ ਦੇ ਹੋਰ ਨੌਜਵਾਨ ਵੀ ਇਸ ਗਰਾਊਂਡ ਦੇ ਵਿੱਚ ਮਿਹਨਤ ਕਰਨ ਅਤੇ ਆਪਣੀ ਮਿਹਨਤ ਦੇ ਬਲਬੂਤੇ ਉੱਤੇ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਪਿੰਡ ਦਾ ਨਾਮ ਰੌਸ਼ਨ ਕਰਨ।
- ਖਾਲਸਾ ਪੰਥ ਦੇ ਸਾਜਨਾ ਦਿਵਸ ਤੇ ਵਿਸਾਖੀ ਦੇ ਪਾਵਨ ਦਿਹਾੜੇ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਟ ਰਹੀ ਹੈ ਸੰਗਤ - Sachkhand Sri Harmandir Sahib
- ਹਰਸਿਮਰਤ ਕੌਰ ਬਾਦਲ ਨੇ ਫਿਰ ਘੇਰੀ 'ਆਪ' ਸਰਕਾਰ, ਕਿਹਾ- ਸਭ ਤੋਂ ਵੱਧ 'ਬੇਈਮਾਨ ਸਰਕਾਰ' - Harsimrat Kaur Badal on AAP
- ਵਿਸਾਖੀ ਅਤੇ ਖਾਲਸਾ ਸਥਾਪਨਾ ਦਿਵਸ ਮੌਕੇ ਦਲ ਖਾਲਸਾ ਨੇ ਕੱਢਿਆ ਮਾਰਚ, ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ - Dal Khalsa took out a march
ਜ਼ਿਕਰਯੋਗ ਹੈ ਕਿ ਸ਼ਹੀਦ ਰੇਸ਼ਮ ਸਿੰਘ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇਕ ਭਰਾ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਇੱਕ ਭੈਣ ਜੋ ਕਿ ਪਿੰਡ ਦੇ ਜੱਦੀ ਘਰ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਹੈ।