ਰੋਪੜ: ਸ੍ਰੀ ਚਮਕੌਰ ਸਾਹਿਬ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਅੱਜ ਇੱਕ ਨਸ਼ਾ ਵਿਰੋਧੀ ਰੈਲੀ ਕੀਤੀ ਗਈ। ਇਸ ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਬਤ ਜਾਣੂ ਕਰਵਾਉਣਾ ਸੀ। ਬੱਚਿਆਂ ਵੱਲੋਂ ਦਿਲਚਸਪ ਤਰੀਕੇ ਦੇ ਨਾਲ ਨਾਟਕ ਰਾਹੀਂ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਨਸ਼ੇ ਕਰਨ ਦੇ ਨਾਲ ਘਰ ਬਰਬਾਦ ਹੋ ਜਾਂਦੇ ਹਨ।
ਬੱਚਿਆਂ ਦੇ ਸਾਥ ਨਾਲ ਨਸ਼ੇ ਦਾ ਖਾਤਮਾ
ਨਸ਼ੇ ਕਾਰਨ ਨੌਜਵਾਨਾਂ ਦਾ ਭਵਿੱਖ ਸਦਾ ਲਈ ਖਤਮ ਹੋ ਜਾਂਦਾ ਹੈ। ਇਸ ਨਾਟਕ ਵਿੱਚ ਸਕੂਲੀ ਬੱਚਿਆਂ ਵੱਲੋਂ ਇਹ ਸੁਨੇਹਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਦੀ ਰੋਕਥਾਮ ਕੀਤੀ ਜਾ ਸਕੇ ਅਤੇ ਇਸ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਕੂਲੀ ਬੱਚਿਆਂ ਦਾ ਸਾਥ ਦਿੱਤਾ ਗਿਆ ਅਤੇ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਟਕ ਦੀ ਸ਼ਲਾਘਾ ਕੀਤੀ ਗਈ। ਪੁਲਿਸ ਵੱਲੋਂ ਕਿਹਾ ਗਿਆ ਕਿ ਜੇਕਰ ਛੋਟੇ ਬੱਚੇ ਨਸ਼ਿਆਂ ਦੇ ਖਿਲਾਫ ਲੜਾਈ ਦੇ ਵਿੱਚ ਸਾਥ ਦੇਣਗੇ ਤਾਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਿੱਚ ਬਹੁਤ ਵੱਡੀ ਸਹੂਲਤ ਮਿਲੇਗੀ।
ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ
ਇਸ ਮੌਕੇ ਡੀਐੱਸਪੀ ਮਨਜੀਤ ਸਿੰਘ ਔਲਖ ਨੇ ਕਿਹਾ ਕਿ ਬੱਚਿਆਂ ਵੱਲੋਂ ਇਹ ਸੁਨੇਹਾ ਜੋ ਸਮਾਜ ਨੂੰ ਦਿੱਤਾ ਜਾ ਰਿਹਾ ਹੈ, ਉਸ ਨਾਲ ਸਮਾਜ ਦੇ ਵਿੱਚ ਨਵੀਂ ਪੀੜੀ ਦੀ ਸੋਚ ਦਿਖਦੀ ਹੈ ਜੋ ਕਿ ਨਸ਼ਿਆਂ ਦੇ ਖਿਲਾਫ ਹੈ। ਜੋ ਵਿਅਕਤੀ ਬਚਪਨ ਤੋਂ ਹੀ ਨਸ਼ਿਆਂ ਦੇ ਖਿਲਾਫ ਹੋਵੇਗਾ ਉਹ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੁਲਿਸ ਅਤੇ ਸਮਾਜ ਦਾ ਹਮੇਸ਼ਾ ਸਾਥ ਦਵੇਗਾ, ਜਿਸ ਨਾਲ ਨਸ਼ਾ ਜੜ ਤੋਂ ਖਤਮ ਹੋ ਜਾਵੇਗਾ। ਇਸ ਮੌਕੇ ਡੀਐੱਸਪੀ ਮਨਜੀਤ ਸਿੰਘ ਔਲਖ ਨੇ ਇੱਕ ਅਪੀਲ ਵੀ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਉਸ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਵੇਚਣ ਵਾਲੇ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।