ਸ਼ੰਭੂ ਬਾਰਡਰ: 101 ਕਿਸਾਨਾਂ ਦੇ ਜੱਥੇ ਨੇ ਅੱਜ ਦੇ ਲਈ ਦਿੱਲੀ ਕੂਚ ਨੂੰ ਮੁਅੱਤਲ ਕਰ ਦਿੱਤਾ ਹੈ। ਅੱਜ ਸਵੇਰੇ ਸਥਿਤ ਸ਼ੰਭੂ ਬਾਰਡਰ ਦੇ ਧਰਨੇ ਵਾਲੀ ਥਾਂ ਤੋਂ ਦਿੱਲੀ ਕੂਚ ਸ਼ੁਰੂ ਕਰ ਦਿੱਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਬਹੁ-ਪੱਖੀ ਬੈਰੀਕੇਡਾਂ ‘ਤੇ ਰੋਕ ਲਿਆ। ਪੁਲਿਸ ਅਤੇ ਸੁਰੱਖਿਆ ਕਰਮੀਆਂ ਨੇ ਪਹਿਲਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਵੀ ਪਿਲਾਇਆ ਪਰ ਜਦੋਂ ਪ੍ਰਦਰਸ਼ਨਕਾਰੀ ਬੈਰੀਕੇਡ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ ਗਈ। ਇਸ ਕਾਰਨ ਦਿੱਲੀ ਵੱਲ ਮਾਰਚ ਕਰ ਰਹੇ ਕਿਸਾਨ ਖਿੱਲਰ ਗਏ। ਉਪਰੰਤ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਕਿ ਕਿਸਾਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ ਤੇ ਮੀਟਿੰਗ ਕਰਕੇ ਅਗਲੇਰੀ ਫੈਸਲੇ ਲਏ ਜਾਣਗੇ।
ਕਿਸਾਨ ਜ਼ਖ਼ਮੀ
ਦੂਜੇ ਪਾਸੇ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ‘ਤੇ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਹੁਣ ਤੱਕ ਪੰਜ ਕਿਸਾਨ ਜ਼ਖ਼ਮੀ ਹੋ ਚੁੱਕੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਕਿਸਾਨ ਸੰਗਠਨ ਦਿੱਲੀ ਵੱਲ ਮਾਰਚ ਕਰ ਰਹੇ ਸਨ, ਪਰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾਂ ਨੂੰ ਖਦੇੜ ਦਿੱਤਾ ਸੀ। ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਅੱਥਰੂ ਗੈਸ ਦੇ ਗੋਲਿਆਂ ਨਾਲ ਦੁਪਹਿਰ 12 ਵਜੇ ਪੈਦਲ ਚੱਲ ਕੇ ਕਿਸਾਨ ਮਜਦੂਰ ਬਰਿਕੇਡਾਂ ਤੇ ਪਹੁੰਚਣ ਤੇ ਪੁਲਿਸ ਵੱਲੋਂ ਤਾਬੜਤੋੜ ਹਮਲਾ ਕਰਨ ਨਾਲ 6 ਕਿਸਾਨ, ਰੇਸ਼ਮ ਸਿੰਘ ਭਗਤਾ ਭਾਈ, ਮੇਜਰ ਸਿੰਘ ਢੰਡ ਕਸੇਲ, ਦਿਲਬਾਗ ਸਿੰਘ ਗਿੱਲ, ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਵੈਰੋ ਨੰਗਲ, ਕੁਲਵਿੰਦਰ ਸਿੰਘ ਅਟਵਾਲ, ਫੱਟੜ ਹੋ ਗਏ ਜਿੰਨਾ ਵਿੱਚੋਂ 4 ਦੀ ਹਾਲਤ ਗੰਭੀਰ ਹੈ ਅਤੇ 1 ਕਿਸਾਨ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਮਾਰਚ ਮੁਲਤਵੀ ਕਰ ਦਿੱਤਾ ਸੀ।
ਸਰਕਾਰ ਦੀ ਤਾਨਾਸ਼ਾਹੀ ਚਿਹਰਾ ਨੰਗਾ
ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਖਨੋਰੀ ਬਾਡਰ ‘ਤੇ ਮਰਨ ਵਰਤ ਤੇ ਬੈਠੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਵਿਚ ਗਿਰਾਵਟ ਆ ਰਹੀ ਹੈ ਪਰ ਉਹਨਾਂ ਦੇ ਹੌਂਸਲੇ ਬੁਲੰਦ ਹਨ। ਆਗੂਆਂ ਕਿਹਾ ਕਿ ਅਗਰ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਕੇਂਦਰ ਸਰਕਾਰ ਨੂੰ ਮਹਿੰਗਾ ਪਵੇਗਾ। ਉਹਨਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਆਉਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਦਿੱਲੀ ਅੰਦੋਲਨ ਤੇ ਕੀਤੇ ਜਾ ਰਹੇ ਤਸ਼ੱਦਦ ਦੇ ਰੋਸ ਜ਼ਾਹਿਰ ਕਰਦੇ ਹੋਏ ਵਿਰੋਧ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਗ੍ਰਿਫਤਾਰ ਕਿਸਾਨਾਂ ਨੂੰ ਥਾਣਾ ਛੇਹਰਟਾ ਥਾਣਾ ਵਿੱਚ ਨਜ਼ਰਬੰਦ ਕਰਕੇ ਰੱਖਿਆ ਗਿਆ ਸੀ। ਆਗੂਆਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦਾ ਸਾਰਥਕ ਹੱਲ ਨਹੀਂ ਕਢਦੀ ਇਹ ਸੰਘਰਸ਼ ਓਨੀ ਦੇਰ ਤੱਕ ਜ਼ਾਰੀ ਰਹੇਗਾ ਅਤੇ ਇਹ ਮਰਜੀਵੜਿਆਂ ਦੇ ਜਥੇ ਖਾਲੀ ਹੱਥ ਅਤੇ ਨੰਗੇ ਪਿੰਡੇ ਸਰਕਾਰੀ ਜ਼ਬਰ ਸਹਿੰਦੇ ਰਹਿਣਗੇ। ਉਹਨਾਂ ਕਿਹਾ ਕਿ ਸਰਕਾਰ ਦੀ ਇਸ ਕਾਰਵਾਈ ਨੇ ਵਾਧਿਓ ਭੱਜ ਚੁੱਕੀ ਸਰਕਾਰ ਦਾ ਤਾਨਾਸ਼ਾਹੀ ਚਿਹਰਾ ਨੰਗਾ ਕੀਤਾ ਹੈ।
ਅਸੀਂ ਮੀਟਿੰਗ ਕਰਕੇ ਅੱਗੇ ਫੈਸਲਾ ਕਰਾਂਗੇ
ਪੰਜਾਬ ਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦਾ ਰੋਸ ਐਤਵਾਰ ਨੂੰ 300 ਦਿਨ ਪੂਰੇ ਹੋ ਗਿਆ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫਰਵਰੀ ਤੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਸ਼ੰਭੂ ਅਤੇ ਖਨੌਰੀ ਸਰਹੱਦੀ ਪੁਆਇੰਟਾਂ ‘ਤੇ ਡੇਰੇ ਲਾਏ ਹੋਏ ਹਨ, ਜਦੋਂ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਸੁਰੱਖਿਆ ਬਲਾਂ ਨੇ ਰੋਕ ਦਿੱਤਾ ਸੀ। ਪੰਧੇਰ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਮੀਟਿੰਗ ਕਰਕੇ ਅਗਲੇਰੀ ਫੈਸਲਾ ਕਰਨਗੇ।
- ਮਾਂ ਦਾ ਵਿਛੋੜਾ ਨਹੀਂ ਸਹਿ ਕਰ ਪਾਇਆ ਪੁੱਤ, ਮਾਂ ਦੀ ਯਾਦ 'ਚ ਕਰ ਦਿੱਤਾ ਕੁਝ ਅਜਿਹਾ, ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚ ਆ ਜਾਣਗੇ ਹੰਝੂ, ਦੇਖੋ ਵੀਡੀਓ
- 'ਦਿੱਲੀ ਚਲੋ' ਮਾਰਚ: ਕਿਸਾਨਾਂ ਨੇ ਸੰਭੂ ਬਾਰਡਰ ਤੋਂ ਜੱਥਾ ਵਾਪਿਸ ਬੁਲਾਇਆ
- ਆਖਿਰ ਕਿਉਂ ਪੰਜਾਬ 'ਚ ਹਿਮਾਚਲ, ਗੁਜਰਾਤ ਤੇ ਉੱਤਰਾਖੰਡ ਦੀ ਤਰਜ਼ 'ਤੇ ਪਰਵਾਸੀਆਂ ਦੇ ਜ਼ਮੀਨ ਖਰੀਦਣ 'ਤੇ ਰੋਕ ਦੀ ਉੱਠ ਰਹੀ ਮੰਗ? ਵੇਖੋ ਇਹ ਰਿਪੋਰਟ