ਲੁਧਿਆਣਾ: ਹਰ ਕਿਸੇ ਦੀ ਕੋਈ ਤਾਂ ਕੋਈ ਤਮੰਨਾ ਜ਼ਰੂਰ ਹੁੰਦੀ ਹੈ। ਹਰ ਕੋਈ ਵੱਡੇ-ਵੱਡੇ ਸੁਪਨੇ ਦੇਖਦਾ ਅਤੇ ਉਨ੍ਹਾਂ ਨੂੰ ਹਰ ਹਿਲ੍ਹੇ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਲਈ ਸਭ ਤੋਂ ਜ਼ਰੂਰੀ ਪੱਕਾ ਇਰਾਦਾ ਅਤੇ ਹਿੰਮਤ ਹੁੰਦੀ ਹੈ, ਜੋ ਸਾਡੀ ਮੰਜ਼ਿਲ ਲਈ ਆਪਣੇ ਆਪਣੇ ਰਸਤੇ ਬਣਾਉਂਦੀ ਹੈ। ਅਜਿਹਾ ਹੀ ਇੱਕ ਰਸਤਾ ਲੁਧਿਆਣਾ ਦੇ ਜਗਨਦੀਪ ਸਿੰਘ ਜੱਗੂ ਨੇ ਪਾਰ ਕੀਤਾਾ, ਜਿਸ ਦੇ ਦਿਲ ਦੀ ਇੱਛਾ ਸੀ ਕਿ ਉਹ ਸਲਮਾਨ ਖਾਨ ਨੂੰ ਮਿਲੇ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪੰਜਾਬ ਦੇ ਲੁਧਿਆਣਾ ਤੋਂ ਕੈਂਸਰ ਪੀੜਤ ਬੱਚੇ ਦੀ ਇੱਛਾ ਪੂਰੀ ਕੀਤੀ। ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਇਲਾਜ ਦੌਰਾਨ ਸਲਮਾਨ ਖਾਨ ਸਭ ਤੋਂ ਪਹਿਲਾਂ ਬੱਚੇ ਨੂੰ ਮਿਲਣ ਪਹੁੰਚੇ। ਫਿਰ ਜਦੋਂ ਉਹ ਠੀਕ ਹੋ ਗਿਆ ਤਾਂ ਉਸ ਨੂੰ ਆਪਣੇ ਬੰਗਲੇ 'ਤੇ ਬੁਲਾਇਆ ਗਿਆ। ਇਸ ਦੌਰਾਨ ਬੱਚੇ ਦੇ ਨਾਲ ਉਸ ਦੀ ਮਾਂ ਵੀ ਮੌਜੂਦ ਸੀ।
ਕੈਂਸਰ ਦੀ ਜੰਗ ਜਿੱਤਿਆ ਜੱਗੂ: ਜਦੋਂ ਮਾਸੂਮ ਬੱਚਿਆਂ ਦੀ ਉਮਰ ਖੇਡਣ, ਮਸਤੀ ਕਰਨ ਦੀ ਹੁੰਦੀ ਹੈ ਉਸ ਸਮੇਂ ਜੱਗੂ ਕੈਂਸਰ ਦੀ ਜੰਗ ਲੜ ਰਿਹਾ ਸੀ। ਨੰਨ੍ਹੇ ਜੱਗੂ ਦਾ ਇੱਕ ਸੁਪਨਾ ਸੀ ਕਿ ਉਹ ਆਪਣੇ ਹੀਰੋ ਯਾਨੀ ਕਿ ਸਲੂਮੀਆਂ ਭਾਵ ਕਿ ਸਲਮਾਨ ਖਾਨ ਨੂੰ ਇੱਕ ਵਾਰ ਜ਼ਰੂਰ ਮਿਲਣਾ ਚਾਹੁੰਦਾ ਹੈ। ਜੱਗੂ ਦੀ ਇਸ ਜ਼ਿੱਦ ਨੂੰ ਦੇਖ ਕੇ ਪਰਿਵਾਰ ਵਾਲੇ ਅਕਸਰ ਕਹਿੰਦੇ ਸੀ ਕਿ ਸਲਮਾਨ ਖਾਨ ਤੈਨੂੰ ਕਦੇ ਨਹੀਂ ਮਿਲੇਗਾ ਕਿਉਂਕਿ ਉਹ ਬਹੁਤ ਵੱਡਾ ਸੁਪਰ ਸਟਾਰ ਹੈ।
ਜੱਗੂ ਦਾ ਮੁੰਬਈ ਜਾਣਾ: ਕਾਬਲੇਜ਼ਿਕਰ ਹੈ ਕਿ 3 ਸਾਲ ਦੇ ਜਗਨਦੀਪ ਨੂੰ ਕੈਂਸਰ ਹੋ ਗਿਆ ਜਦੋਂ ਉਸ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਡਾਕਟਰਾਂ ਵੱਲੋਂ ਮੁੰਬਈ ਹਸਪਤਾਲ 'ਚ ਜੱਗੂ ਨੂੰ ਰੈਫ਼ਰ ਕਰ ਦਿੱਤਾ। ਜਿੱਥੇ ਮੁੜ ਜਗਨਦੀਪ ਵੱਲੋਂ ਸਲਮਾਨ ਖਾਨ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਆਖਰਕਾਰ ਖੁਦ ਸਲਮਾਨ ਖਾਨ ਹਸਪਤਾਲ 'ਚ ਜੱਗੂ ਨੂੰ ਮਿਲਣ ਆਏ ਪਰ ਉਸ ਸਮੇਂ ਜੱਗੂ ਅੱਖਾਂ ਤੋਂ ਦੇਖ ਨਹੀਂ ਸਕਦਾ ਸੀ। ਇਸ ਲਈ ਜੱਗੂ ਆਪਣੇ ਹੀਰੋ ਨੂੰ ਦੇਖ ਨਹੀਂ ਸਕਿਆ।
ਇੱਕ ਨਹੀਂ ਦੋ ਵਾਰ ਸਲਮਾਨ ਖਾਨ ਨਾਲ ਮੁਲਾਕਾਤ: ਜੱਗੂ ਦੀ ਹਿੰਮਤ ਅੱਗੇ ਆਖਰਕਾਰ ਕੈਂਸਰ ਵੀ ਹਾਰ ਗਿਆ। ਕੈਂਸਰ ਦੀ ਲੜਾਈ 'ਚ ਜਗਨਦੀਪ ਦੇ ਹੌਂਸਲੇ ਅਤੇ ਸਕਰਾਤਮਕ ਸੋਚ ਦੀ ਜਿੱਤ ਹੋਈ। ਜਦੋਂ 7 ਮਹੀਨੇ ਬਾਅਦ ਜੱਗੂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਈ ਤਾਂ ਮੁੜ ਸਲਮਾਨ ਖਾਨ ਜਗਨਦੀਪ ਨੂੰ ਖੁਦ ਮਿਲਣ ਆਏ ਜਿਸ ਤੋਂ ਬਾਅਦ ਸਲਮਾਨ ਅਤੇ ਜੱਗੂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਗਈ। ਸਲਮਾਨ ਖਾਨ ਨੇ ਜਿੱਥੇ ਜੱਗੂ ਨਾਲ ਮੁੜ ਮੁਲਾਕਾਤ ਕੀਤੀ ਉੱਥੇ ਹੀ ਦਿਲ ਦੀਆਂ ਗੱਲਾਂ ਵੀ ਕੀਤੀ। ਜਿਸ ਕਰਕੇ ਜੱਗੂ ਦੇ ਪਰਿਵਾਰ ਵੱਲੋਂ ਸਲਮਾਨ ਖਾਨ ਦਾ ਦਿਲੋਂ ਧੰਨਵਾਦ ਕੀਤਾ।