ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਸੂਚੀ ਜਾਰੀ ਕਰਦਿਆ ਚੋਣ ਮੈਦਾਨ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਤਾਰਿਆ ਹੈ। ਇਨ੍ਹਾਂ ਵਿੱਚੋਂ ਇੱਕ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆਂ ਹੈ। ਹਾਲਾਂਕਿ, ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਰਿਹਾ, ਉਸ ਸਮੇਂ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਉਮੀਦਵਾਰ ਉਤਾਰਦੀ ਸੀ। ਪਰ, ਇਸ ਵਾਰ ਅਕਾਲੀ ਦਲ ਨੇ ਇੱਕਲੇ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ ਹੈ ਅਤੇ ਇਸ ਵਾਰ ਉਨਾਂ ਨੇ ਐਨ ਕੇ ਸ਼ਰਮਾ ਨੂੰ ਪਟਿਆਲਾ ਤੋਂ ਉਮੀਦਵਾਰ ਐਲਾਨਿਆ ਹੈ। ਆਓ ਜਾਣਦੇ ਹਾਂ, ਉਨ੍ਹਾਂ ਬਾਰੇ ਅਹਿਮ ਗੱਲਾਂ ...
ਨਿੱਜੀ ਜਿੰਦਗੀ: ਐਨ ਕੇ ਸ਼ਰਮਾ ਦੀ ਉਮਰ 54 ਸਾਲ ਹੈ। ਐਨ ਕੇ ਸ਼ਰਮਾ ਦਾ ਜਨਮ 1 ਅਪ੍ਰੈਲ, 1970 ਨੂੰ ਲੋਹਗੜ੍ਹ, ਜ਼ੀਰਕਪੁਰ ਵਿਖੇ ਹੋਇਆ। ਐਨ ਕੇ ਸ਼ਰਮਾ ਦਾ ਵਿਦਿਅਕ ਸਫ਼ਰ ਪਿੰਡ ਭਬਾਤ ਨੇੜੇ ਸਰਕਾਰੀ ਹਾਈ ਸਕੂਲ ਤੋਂ ਸ਼ੁਰੂ ਹੋਇਆ। ਆਪਣੇ ਭਾਰਦਵਾਜ ਬ੍ਰਾਹਮਣ ਵੰਸ਼ ਵਿੱਚ ਅਧਾਰਤ, ਐਨ ਕੇ ਸ਼ਰਮਾ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ, ਡੀਏਵੀ ਕਾਲਜ, ਚੰਡੀਗੜ੍ਹ ਤੋਂ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ, ਅਤੇ ਸ਼ਿਮਲਾ ਯੂਨੀਵਰਸਿਟੀ ਤੋਂ ਮਾਸਟਰ ਆਫ਼ ਸਾਇੰਸ ਦੀ ਡਿਗਰੀ ਦੇ ਨਾਲ ਆਪਣੇ ਅਕਾਦਮਿਕ ਯਤਨਾਂ ਨੂੰ ਅੱਗੇ ਵਧਾਇਆ।
ਐਨਕੇ ਸ਼ਰਮਾ ਦੀ ਪਤਨੀ ਦਾ ਨਾਂ ਬਬੀਤਾ ਸ਼ਰਮਾ ਹੈ, ਉਨ੍ਹਾਂ ਦੇ ਦੋ ਬੇਟੇ ਹਨ। ਉਹ ਪੇਸ਼ੇ ਤੋਂ ਇੱਕ ਰੀਅਲ ਅਸਟੇਟ ਕਾਰੋਬਾਰੀ ਅਤੇ ਸਮਾਜ ਸੇਵੀ ਹਨ। ਐਨ ਕੇ ਸ਼ਰਮਾ ਲੋਹਗੜ੍ਹ ਤੋਂ ਸਰਪੰਚ ਅਤੇ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਦੇ ਨਾਲ ਹੀ, ਮੁਹਾਲੀ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕਰ ਚੁੱਕੇ ਹਨ।
ਸਿਆਸੀ ਕਰੀਅਰ : ਸਰਪੰਚੀ ਤੋਂ ਬਾਅਦ ਐਨਕੇ ਸ਼ਰਮਾ 2 ਵਾਰ ਐਮ.ਐਲ.ਏ ਰਹਿ ਚੁੱਕੇ ਹਨ। 2012 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਅਤੇ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਬਣੇ। ਸਾਲ 2017 ਵਿੱਚ ਉਹ ਫਿਰ ਡੇਰਾਬੱਸੀ ਤੋਂ ਵਿਧਾਇਕ ਬਣੇ, ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਐਨਕੇ ਸ਼ਰਮਾ ਨੂੰ 2024 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਐਲਾਨਿਆ ਹੈ।
ਪੰਜਾਬ ਵਿੱਚ 1 ਨੂੰ ਹੋਵੇਗੀ ਵੋਟਿੰਗ : ਦੱਸ ਦਈਏ ਕਿ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋਣ ਦੇ ਨਾਲ ਹੀ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ, ਕਿਉਂਕਿ ਨੇਤਾ ਉਤਸ਼ਾਹ ਨਾਲ ਰੈਲੀਆਂ ਅਤੇ ਜਨਤਕ ਰੁਝੇਵਿਆਂ ਰਾਹੀਂ ਵੋਟਰਾਂ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 1 ਜੂਨ ਨੂੰ ਹੋਵੇਗੀ, ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।