ਮਾਨਸਾ: ਜ਼ਿਲ੍ਹਾ ਮਾਨਸਾ ਦੇ ਇੱਕ ਪ੍ਰਾਈਵੇਟ ਪੈਟਰੋਲ ਪੰਪ ਉੱਤੇ ਬਲਾਸਟ ਕਰਨ ਮਗਰੋਂ ਸ਼ਰਾਰਤੀ ਅਨਸਰਾਂ ਨੇ ਪੈਟਰੋਲ ਪੰਪ ਮਾਲਿਕ ਤੋਂ ਵਟਸਅੱਪ ਕਾਲ ਜਰੀਏ ਫੋਨ ਕਰਕੇ ਪੰਜ ਕਰੋੜ ਰੁਪਏ ਫਰੌਤੀ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਮਾਨਸਾ ਰੋਡ ਵਿਖੇ ਪ੍ਰਾਈਵੇਟ ਪੈਟਰੋਲ ਪੰਪ ਉੱਤੇ 27 ਅਕਤੂਬਰ ਦੀ ਰਾਤ ਇੱਕ ਵਜੇ ਬੰਬ ਵਰਗੀ ਵਸਤੂ ਸੁੱਟ ਕੇ ਬਲਾਸਟ ਕਰ ਦਿੱਤਾ ਗਿਆ। ਬਲਾਸਟ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਪੁਲਿਸ ਏਜੰਸੀਆਂ ਜਾਂਚ ਕਰ ਰਹੀਆਂ ਹਨ।
5 ਕਰੋੜ ਦੀ ਮੰਗੀ ਫਿਰੌਤੀ
ਜਿਸ ਤੋਂ ਬਾਅਦ ਪੈਟਰੋਲ ਪੰਪ ਮਾਲਿਕ ਨੂੰ ਵਟਸਐਪ ਕਾਲ ਜਰੀਏ ਫੋਨ ਕੀਤਾ ਗਿਆ। ਫੋਨ ਨਾ ਚੁੱਕਣ ਤੋਂ ਬਾਅਦ ਪੈਟਰੋਲ ਪੰਪ ਮਾਲਿਕ ਨੂੰ ਮੈਸੇਜ ਕਰਕੇ ਪੰਜ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਪੈਟਰੋਲ ਪੰਪ ਉੱਤੇ ਬਲਾਸਟ ਕਰਨ ਦੀ ਜ਼ਿੰਮੇਵਾਰੀ ਵੀ ਲੈਂਦੇ ਹੋਏ ਕਿਹਾ ਗਿਆ ਕਿ, 'ਇਹ ਤਾਂ ਸਿਰਫ ਟਰੇਲਰ ਦਿਖਾਇਆ ਗਿਆ ਹੈ ਜੇਕਰ ਪੰਜ ਕਰੋੜ ਰੁਪਏ ਨਹੀਂ ਦਿੱਤੇ ਗਏ ਤਾਂ ਉਹਨਾਂ ਦੇ ਘਰ ਉੱਤੇ ਹਮਲਾ ਕਰਕੇ ਪਰਿਵਾਰਿਕ ਮੈਂਬਰਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ,'।
ਪੁਲਿਸ ਕਰ ਰਹੀ ਜਾਂਚ
ਪੈਟਰੋਲ ਪੰਪ ਮਾਲਿਕ ਖੁਸ਼ਵਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਪੈਟਰੋਲ ਪੰਪ ਉੱਤੇ ਰਾਤ ਸਮੇਂ ਕਰਿੰਦਾ ਗੁਰਪ੍ਰੀਤ ਸਿੰਘ ਡਿਊਟੀ ਉੱਤੇ ਮੌਜੂਦ ਸੀ ਇਸ ਦੌਰਾਨ ਪੈਟਰੋਲ ਪੰਪ ਉੱਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗ੍ਰਨੇਡ ਸੁੱਟਿਆ ਗਿਆ ਜੋ ਕਿ ਪੈਟਰੋਲ ਪੰਪ ਦੇ ਨਾਲ ਤੋਂ ਲੰਘਦੇ ਡਰੇਨ ਦੇ ਵਿੱਚ ਡਿੱਗ ਕੇ ਫਟ ਗਿਆ। ਇਸ ਧਮਾਕੇ ਦੀ ਸੀਸੀਟੀਵੀ ਵੀਡੀਓ ਕੱਢ ਕੇ ਫਿਰੌਤੀ ਮੰਗਣ ਵਾਲਿਆਂ ਵੱਲੋਂ ਭੇਜੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੀਆਂ ਟੀਮਾਂ ਵੱਲੋਂ ਪੈਟਰੋਲ ਪੰਪ ਉੱਤੇ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਦਾ ਕੋਈ ਅਧਿਕਾਰੀ ਮੀਡੀਆ ਸਾਹਮਣੇ ਆਕੇ ਬੋਲਣ ਲਈ ਤਿਆਰ ਨਹੀਂ ਹੋਇਆ।