ਬਠਿੰਡਾ: ਬੀਤੇ ਦਿਨ ਦੁਪਹਿਰ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਜਿੱਥੇ ਕਈ ਲੋਕਾਂ ਲਈ ਰਾਹਤ ਲੈ ਕੇ ਆਈ ਹੈ, ਉਥੇ ਹੀ ਇਹ ਬਾਰਿਸ਼ ਕਈ ਲੋਕਾਂ ਲਈ ਆਫਤ ਬਣ ਕੇ ਆਈ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਬਠਿੰਡਾ ਦੀ ਧੋਬੀਆਣਾ ਬਸਤੀ ਦੀ ਗਲੀ ਨੰਬਰ 4 ਵਿੱਚ ਰਹਿ ਰਹੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ। ਵਿਧਵਾ ਔਰਤ ਨੇ ਦੱਸਿਆ ਕਿ ਲਗਾਤਾਰ ਕੱਲ੍ਹ ਤੋਂ ਬਾਰਿਸ਼ ਹੋ ਰਹੀ ਹੈ ਅਤੇ ਉਨਾਂ ਦਾ ਘਰ ਦੀ ਛੱਤ ਪੁਰਾਣੀ ਹੋ ਚੁੱਕੀ ਸੀ, ਜਿਸ ਕਾਰਨ ਉਹ ਡਿੱਗ ਪਈ ਹੈ।
ਘਰ ਦਾ ਸਾਰਾ ਸਮਾਨ ਹੋਇਆ ਖਰਾਬ
ਪੀੜਤ ਔਰਤ ਨੇ ਦੱਸਿਆ ਕਿ ਘਰ ਵਿੱਚ ਉਸ ਦੀ ਧੀ ਅਤੇ ਉਹ ਰਹਿੰਦੀਆਂ ਹਨ, ਉਸ ਦੀ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਛੱਤ ਡਿੱਗਣ ਕਾਰਨ ਉਹਨਾਂ ਦਾ ਕੀਮਤੀ ਸਮਾਨ ਮਲਬੇ ਹੇਠ ਦੱਬ ਗਿਆ ਅਤੇ ਹੁਣ ਉਹ ਖੁੱਲ੍ਹੇ ਆਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਮਲਬੇ ਹੇਠ ਉਹਨਾਂ ਦਾ ਘਰੇਲੂ ਸਮਾਨ ਬੈਡਸ, ਪੇਟੀ, ਟੀਵੀ ਆਦਿ ਸਭ ਟੁੱਟ ਗਿਆ ਹੈ। ਉਹਨਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਇਸ ਕਹਿਰ ਦੀ ਠੰਢ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਬਚਾਅ ਕਰ ਸਕਣ।
ਮੀਂਹ ਕਾਰਨ ਲੋਕ ਪਰੇਸ਼ਾਨ
ਸੂਬੇ ਭਰ ਵਿੱਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਤਾਪਮਾਨ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜੋ ਇਕ ਦਿਨ ਪਹਿਲਾਂ 9.8 ਡਿਗਰੀ ਤੋਂ ਡਿੱਗ ਕੇ 7 ਡਿਗਰੀ ਸੈਲਸੀਅਸ 'ਤੇ ਆ ਗਿਆ ਹੈ। ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਜਮ੍ਹਾਂ ਹੋ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਵਿਚਕਾਰ ਦੋ ਦਿਨਾਂ ਦੀ ਧੁੱਪ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਸੀ ਪਰ ਇਹ ਰਾਹਤ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ। ਠੰਢੀਆਂ ਹਵਾਵਾਂ ਕਾਰਨ ਮੌਸਮ ਹੋਰ ਵੀ ਗੰਭੀਰ ਹੋ ਗਿਆ ਹੈ।