ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਪ੍ਰਦੂਸ਼ਣ ਬੋਰਡ ਵੱਲੋਂ ਰੋਲਿੰਗ ਮਿੱਲਾਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਪੀਐਨਜੀ ਗੈਸ ਵਰਤਣ ਅਤੇ ਨਾ ਲਗਾਉਣ ਦੀ ਹਾਲਤ ਵਿੱਚ ਬਿਜਲੀ ਕੁਨੈਕਸ਼ਨ ਕੱਟਣ ਸਬੰਧੀ ਆਖਿਆ ਗਿਆ ਹੈ। ਵਿਰੋਧ 'ਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀਆਂ ਕਰੀਬ 150 ਰੋਲਿੰਗ ਮਿੱਲਾਂ ਬੀਤੇ ਦਿਨ ਤੋਂ 5 ਦਿਨਾਂ ਦੀ ਹੜਤਾਲ 'ਤੇ ਚਲੀ ਗਈਆਂ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਰੋਲਿੰਗ ਮਿੱਲਾਂ ਦੇ ਹੜਤਾਲ ਉੱਤੇ ਜਾਣ ਕਾਰਨ ਜਿੱਥੇ ਬੇਰੁਜ਼ਗਾਰੀ ਹੋਵੇਗੀ ਅਤੇ ਹਜ਼ਾਰਾ ਘਰਾਂ ਦੇ ਚੁੱਲ੍ਹੇ ਠੰਡੇ ਪੈ ਜਾਣਗੇ ਉੱਥੇ ਹੀ ਸਰਕਾਰ ਦੇ ਖ਼ਜ਼ਾਨੇ ਨੂੰ ਟੈਕਸ ਅਤੇ ਬਿਜਲੀ ਤੋਂ ਇਲਾਵਾ ਹੋਰ ਰੋਜ਼ਾਨਾ ਪ੍ਰਪਾਤ ਹੋਣ ਵਾਲੇ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਵੇਗਾ।
ਰੋਲਿੰਗ ਮਿੱਲਾਂ ਵਿਰੁੱਧ ਹੁਕਮ ਜਾਰੀ
ਹੜਤਾਲ ਸਬੰਧੀ ਐਸੋਸੀਏਸ਼ਨ ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ (ਆਇਸਰਾ) ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਅਤੇ ਉਦਯੋਗਪਤੀ ਹੇਮੰਤ ਬੱਤਾ ਨੇ ਦਸਿਆ ਕਿ ਗੋਬਿੰਦਗੜ੍ਹ ਦਾ ਲੋਹਾ ਉਦਯੋਗ ਦੀ ਭਾਰਤ ਦੀ ਕਰੀਬ 170 ਸਾਲ ਪੁਰਾਣੀ ਇਹ ਮੰਡੀ ਪ੍ਰਦੂਸ਼ਣ ਬੋਰਡ ਦੇ ਗਲਤ ਫ਼ੈਸਲਿਆਂ ਕਾਰਨ ਬੰਦ ਹੋਣ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਬੋਰਡ, ਐਨ. ਜੀ. ਟੀ. ਵਿੱਚ ਚੱਲ ਰਹੇ ਮਾਮਲੇ ਵਿੱਚ ਪੰਜਾਬ ਦੀਆਂ ਰੋਲਿੰਗ ਮਿੱਲਾਂ ਦਾ ਸਾਥ ਦੇਣ ਦੀ ਬਜਾਏ ਰੋਲਿੰਗ ਮਿੱਲਾਂ ਵਿਰੁੱਧ ਹੀ ਹੁਕਮ ਜਾਰੀ ਕਰ ਰਿਹਾ ਹੈ।
ਫੈਸਲੇ ਉੱਤੇ ਵਿਚਾਰ ਕਰਨ ਦੀ ਅਪੀਲ
ਸਨਅਤਕਾਰਾਂ ਨੇ ਆਖਿਆ ਕਿ ਸਾਨੂੰ ਮਾਲ ਪਿਘਲਾਉਣ ਲਈ ਕੋਲੇ ਦੀ ਬਜਾਏ ਸਿਰਫ਼ ਪੀਐਨਜੀ ਗੈਸ ਨੂੰ ਬਾਲਣ ਵਜੋਂ ਵਰਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ,ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ’ਤੇ ਵਿਭਾਗ ਨੇ ਪੰਜਾਬ ਰਾਜ ਦੀ ਬਾਲਣ ਨੀਤੀ ਵੀ ਗਲਤ ਤੱਥਾਂ ’ਤੇ ਆਧਾਰਿਤ ਅਤੇ ਗਲਤ ਅਧਾਰ ’ਤੇ ਬਣਾਈ ਗਈ ਹੈ,ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਕਿ ਉਹ ਟ੍ਰਿਬਿਊਨਲ ਵਿੱਚ ਆਪਣੀਆਂ ਭੇਜੀ ਨੀਤੀ ਉੱਤੇ ਵਿਚਾਰ ਕਰਕੇ ਉਸ ਨੂੰ ਦਰੁੱਸਤ ਕਰਵਾਉਣ ਵੱਲ ਨਜ਼ਰ ਕਰਨ।