ਹੁਸ਼ਿਆਰਪੁਰ: ਇੱਕ ਪਾਸੇ ਪੁਲਿਸ ਸੂਬੇ 'ਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਹੁਸ਼ਿਆਰਪੁਰ 'ਚ ਸਰਕਾਰੀ ਕਾਲਜ ਚੌਂਕ ਅਤੇ ਪ੍ਰਭਾਤ ਚੌਂਕ ਵਿਚਕਾਰ ਇਕ ਕਲੀਨਿਕ ਤੋਂ ਦਵਾਈ ਲੈਣ ਆਈ ਮਹਿਲਾ ਨੂੰ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵਲੋਂ ਨਿਸ਼ਾਨਾ ਬਣਾ ਕੇ ਲੁੱਟ ਕੀਤੀ ਗਈ। ਇਸ ਦੌਰਾਨ ਬਦਮਾਸ਼ ਮਹਿਲਾ ਦਾ ਪਰਸ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਮਹਿਲਾ ਤੋਂ ਪਰਸ ਦੀ ਕੀਤੀ ਲੁੱਟ: ਇਸ ਮੌਕੇ ਮਹਿਲਾ ਦੇ ਦੱਸਣ ਮੁਤਾਬਿਕ ਪਰਸ ਵਿੱਚ 1500 ਰੁਪਏ ਦੀ ਨਕਦੀ, ਮੋਬਾਇਲ ਫੋਨ ਅਤੇ ਜ਼ਰੂਰੀ ਕਾਗਜ਼ਾਤ ਸੀ। ਹਾਲਾਂਕਿ ਪੀੜਤ ਮਹਿਲਾ ਵਲੋਂ ਉਕਤ ਲੁਟੇਰਿਆਂ ਨੂੰ ਕਾਬੂ ਕਰਨ ਲਈ ਉਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਭੱਜਦੀ ਹੋਈ ਮਹਿਲਾ ਸੜਕ ਵਿਚਕਾਰ ਡਿੱਗ ਪਈ, ਜਿਸ ਕਾਰਨ ਮਹਿਲਾ ਨੂੰ ਮਾਮੂਲੀ ਸੱਟਾਂ ਆਈਆਂ ਤੇ ਉਹ ਜ਼ਖ਼ਮੀ ਹੋ ਗਈ। ਇਸ ਦੌਰਾਨ ਸਕੂਟਰੀ ਸਵਾਰ ਕੁਝ ਨੌਜਵਾਨਾਂ ਵਲੋਂ ਉਕਤ ਲੁਟੇਰਿਆਂ ਦਾ ਪਿੱਛਾ ਵੀ ਕਰਨਾ ਚਾਹਿਆ ਪਰੰਤੂ ਲੁਟੇਰੇ ਭੱਜਣ 'ਚ ਕਾਮਯਾਬ ਹੋ ਗਏ।
ਦਵਾਈ ਲੈਣ ਸ਼ਹਿਰ ਆਈ ਸੀ ਪੀੜਤ ਮਹਿਲਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਮੀਨਾਕਸ਼ੀ ਨੇ ਦੱਸਿਆ ਕਿ ਉਹ ਢੋਲਵਾਹਾ ਜਨੌੜੀ ਦੀ ਰਹਿਣ ਵਾਲੀ ਹੈ ਤੇ ਹੁਸ਼ਿਆਰਪੁਰ ਦਵਾਈ ਲੈਣ ਲਈ ਆਈ ਸੀ ਤੇ ਜਿਵੇਂ ਹੀ ਦਵਾਈ ਲੈ ਕੇ ਵਾਪਿਸ ਜਾ ਰਹੀ ਸੀ ਤਾਂ ਇਸ ਦੌਰਾਨ ਗਲੀ 'ਚ ਸਪਲੈਂਡਰ ਮੋਟਰਸਾਈਕਲ 'ਤੇ ਆਏ ਤਿੰਨ ਲੁਟੇਰਿਆਂ ਨੇ ਉਸਦਾ ਪਰਸ ਲੁੱਟ ਲਿਆ ਤੇ ਫਰਾਰ ਹੋ ਗਏ। ਉਕਤ ਮਹਿਲਾ ਨੇ ਦੱਸਿਆ ਕਿ ਉਸ ਵਲੋਂ ਲੁਟੇਰਿਆਂ ਦਾ ਕਾਫੀ ਪਿੱਛਾ ਵੀ ਕੀਤਾ ਗਿਆ ਪਰੰਤੂ ਉਹ ਦੌੜਦੀ ਹੋਈ ਸੜਕ ਵਿਚਕਾਰ ਡਿੱਗ ਪਈ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਉਸ ਨੂੰ ਚੁੱਕਿਆ ਗਿਆ। ਘਟਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਰਾਮ ਸਿੰਘ ਵੀ ਘਟਨਾ ਵਾਲੀ ਥਾਂ 'ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬਦਮਾਸ਼ਾਂ 'ਚ ਨਹੀਂ ਕਾਨੂੰਨ ਦਾ ਖੌਫ: ਇਸ ਮੌਕੇ ਸਮਾਜ ਭਲਾਈ ਮੋਰਚਾ ਦੇ ਦਵਿੰਦਰ ਸਰੋਆ ਨੇ ਕਿਹਾ ਕਿ ਦਿਨ ਦਿਹਾੜੇ ਧੀ ਭੈਣ ਤੋਂ ਲੁੱਟ ਹੋਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੂੰ ਕਾਨੂੰਨ ਦਾ ਕੋਈ ਖੌਫ ਨਹੀਂ ਹੈ ਅਤੇ ਸਰਕਾਰਾਂ ਜੋ ਨਿਕੰਮੀਆਂ ਹਨ ਤੇ ਆਮ ਲੋਕਾਂ ਲਈ ਕੁਝ ਨਹੀਂ ਸੋਚ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੜਕ 'ਤੇ ਪੈਦਲ ਬੇਖੌਫ ਚੱਲ ਨਹੀਂ ਸਕਦਾ ਤਾਂ ਅਜਿਹੀਆਂ ਸਰਕਾਰਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਅਜਿਹੀਆਂ ਸਰਕਾਰਾਂ ਨੂੰ ਚੱਲਦਾ ਕਰੀਏ ਤੇ ਲੋਕ ਸਭਾ ਚੋਣਾਂ 'ਚ ਜਿਸ ਨੂੰ ਵੀ ਵੋਟ ਦੇਣਾ ਚਾਹੁੰਦੇ ਹੋ ਤਾਂ ਸੋਚ ਸਮਝ ਕੇ ਹੀ ਵੋਟ ਕੀਤੀ ਜਾਵੇ।