ਬਠਿੰਡਾ: ਕਿਸਾਨਾਂ ਵਲੋਂ ਕਣਕ ਦੀ ਵਾਢੀ ਤੋਂ ਬਾਅਦ ਹੁਣ ਝੋਨੇ ਦੀ ਲੁਆਈ ਲਈ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਸਰਕਾਰ ਵਲੋਂ ਝੋਨੇ ਦੀ ਲੁਆਈ 'ਚ ਤਰੀਕਾਂ ਵੀ ਐਲਾਨ ਕਰ ਦਿੱਤੀਆਂ ਹਨ ਤੇ ਨਾਲ ਹੀ ਮੋਟਰਾਂ ਦੀ ਬਿਜਲੀ ਦੇ ਨਾਲ-ਨਾਲ ਨਹਿਰੀ ਪਾਣੀ ਦੇਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਸ ਵਿਚਾਲੇ ਕਿਸਾਨਾਂ ਦੇ ਖੇਤਾਂ ਕੋਲੋਂ ਲੰਗਦੇ ਰਜਵਾਹੇ ਕਈ ਵਾਰ ਕਿਸਾਨਾਂ ਲਈ ਆਫ਼ਤ ਬਣ ਜਾਂਦੇ ਹਨ, ਕਿਉਂਕਿ ਅਕਸਰ ਬਰਸਾਤਾਂ ਦੇ ਮੌਸਮ 'ਚ ਰਜਵਾਹੇ ਜਾਂ ਕੱਸੀਆਂ ਟੁੱਟ ਜਾਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਰਜਵਾਹੇ ਵਿੱਚ ਪਿਆ ਪਾੜ: ਇਸ ਵਿਚਾਲੇ ਹਾਲੇ ਬਰਸਾਤ ਦੀ ਸ਼ੁਰੂਆਤ ਤੱਕ ਨਹੀਂ ਹੋਈ ਪਰ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਨਜ਼ਦੀਕ ਰਾਮਾ ਸ਼ਹਿਰ ਨੂੰ ਜਾਣ ਵਾਲੇ ਬਾਈਪਾਸ ਕੋਲੋਂ ਰਜਵਾਹੇ ਵਿੱਚ ਪਾੜ ਪੈਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸੈਂਕੜੇ ਏਕੜ ਵਿੱਚ ਪਾਣੀ ਭਰ ਗਿਆ। ਜਦੋਂ ਇਸ ਸਬੰਧੀ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਆਪਣੇ ਪੱਧਰ 'ਤੇ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਗਈ। ਜਦਕਿ ਇਸ ਸਮੇਂ ਦੌਰਾਨ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।
ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਅਧਿਕਾਰੀ: ਇਸ ਮੌਕੇ ਕਿਸਾਨ ਖੇਤਾ ਸਿੰਘ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਰਜਵਾਹੇ ਵਿੱਚ ਪਾੜ ਪਿਆ ਸੀ, ਜਿਸ ਤੋਂ ਬਾਅਦ 100 ਏਕੜ ਦੇ ਕਰੀਬ ਜ਼ਮੀਨ ਵਿੱਚ ਪਾਣੀ ਭਰ ਗਿਆ। ਜਿਸ ਵਿੱਚੋਂ 24 ਤੋਂ 25 ਏਕੜ ਜ਼ਮੀਨ ਵਿੱਚ ਕਿਸਾਨਾਂ ਵੱਲੋਂ ਹੁਣ ਮੂੰਗੀ ਬੀਜੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਕਮੇਟੀ ਤੋਂ ਕਿਸਾਨਾਂ ਵੱਲੋਂ ਠੇਕੇ 'ਤੇ ਲਈ ਗਈ ਸੀ, ਜਿਸ ਦਾ ਠੇਕਾ 65000 ਹਜ਼ਾਰ ਪ੍ਰਤੀ ਏਕੜ ਸੀ। ਉਨ੍ਹਾਂ ਕਿਹਾ ਕਿ ਰਜਵਾਹਾ ਟੁੱਟਣ ਦੀ ਸੂਚਨਾ ਭਾਵੇਂ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਪਰ ਮੌਕੇ 'ਤੇ ਪ੍ਰਸ਼ਾਸਨ ਨਹੀਂ ਪਹੁੰਚਿਆ। ਜਿਸ ਕਾਰਨ ਪਾਣੀ ਤੇਜ਼ੀ ਨਾਲ ਖੇਤਾਂ ਵਿੱਚ ਫੈਲਿਆ ਅਤੇ ਕਿਸਾਨਾਂ ਦੀ ਬੀਜੀ ਹੋਈ ਫਸਲ ਬਰਬਾਦ ਹੋ ਗਈ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰਦਾਵਰੀ ਕਰਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।