ਲੁਧਿਆਣਾ: ਖੰਨਾ ਨਗਰ ਕੌਂਸਲ ਦੇ ਵਾਰਡ ਨੰਬਰ 2 ਵਿੱਚ ਸ਼ਨੀਵਾਰ ਨੂੰ ਹੋਈ ਜ਼ਿਮਨੀ ਚੋਣ 'ਚ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਮਸ਼ੀਨ ਨੂੰ ਤੋੜਨ ਮਗਰੋਂ ਚੋਣ ਕਮਿਸ਼ਨ ਨੇ ਮੁੜ ਵੋਟਿੰਗ ਕਰਵਾਈ। ਜਿਸ ਤੋਂ ਬਾਅਦ ਅੱਜ ਵਾਰਡ ਨੰਬਰ 2 ਦੇ ਪੋਲਿੰਗ ਸਟੇਸ਼ਨ ਨੰਬਰ 4 ਦੀ ਵੋਟਿੰਗ ਹੋਈ। ਅੱਜ ਹੋਈ ਵੋਟਿੰਗ ਵਿੱਚ ਕਾਂਗਰਸ ਨੂੰ 261, ਆਮ ਆਦਮੀ ਪਾਰਟੀ ਨੂੰ 149, ਭਾਜਪਾ ਨੂੰ 14 ਅਤੇ ਅਕਾਲੀ ਦਲ ਨੂੰ 5 ਵੋਟਾਂ ਮਿਲੀਆਂ।
ਇਸ ਤੋਂ ਬਾਅਦ ਅੰਤਿਮ ਨਤੀਜਾ ਐਲਾਨਿਆ ਗਿਆ। ਕਾਂਗਰਸ ਦੇ ਸਤਨਾਮ ਚੌਧਰੀ 263 ਵੋਟਾਂ ਨਾਲ ਜੇਤੂ ਰਹੇ। ਚੋਣ ਵਿੱਚ ਕਾਂਗਰਸ ਦੇ ਸਤਨਾਮ ਚੌਧਰੀ ਨੂੰ ਕੁੱਲ 798 ਵੋਟਾਂ, ਆਪ ਦੇ ਗੁਰਦੀਪ ਕੁਮਾਰ ਵਿੱਕੀ ਮਸ਼ਾਲ ਨੂੰ 535 ਵੋਟਾਂ, ਭਾਜਪਾ ਦੇ ਹਸਨਦੀਪ ਸਿੰਘ ਚੰਨੀ ਨੂੰ 286, ਅਕਾਲੀ ਦਲ ਦੇ ਮਨਦੀਪ ਸਿੰਘ ਗੱਬਰ ਨੂੰ 197, ਅਜ਼ਾਦ ਉਮੀਦਵਾਰ ਹਰਜੋਤ ਸਿੰਘ ਨੂੰ 5 ਵੋਟਾਂ ਮਿਲੀਆਂ। ਜ਼ਿਕਰਯੋਗ ਹੈ ਕਿ ਤਿੰਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਤੋਂ ਬਾਅਦ ਚੌਥੇ ਪੋਲਿੰਗ ਸਟੇਸ਼ਨ ਦੀ ਈਵੀਐਮ ਮਸ਼ੀਨ ਤੋੜ ਦਿੱਤੀ ਗਈ ਸੀ। 3 ਪੋਲਿੰਗ ਸਟੇਸ਼ਨਾਂ ਦੇ ਨਤੀਜਿਆਂ ਵਿੱਚ ਕਾਂਗਰਸੀ ਉਮੀਦਵਾਰ 145 ਵੋਟਾਂ ਨਾਲ ਅੱਗੇ ਸੀ।
ਕੋਟਲੀ ਨੇ ਕਿਹਾ- ਸੱਚ ਦੀ ਜਿੱਤ ਹੋਈ ਪਰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਕਾਂਗਰਸ ਦੀ ਜਿੱਤ ਤੋਂ ਬਾਅਦ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ। ਸੱਤਾਧਾਰੀ ਪਾਰਟੀ ਨੇ ਆਪਣੀ ਸੱਤਾ ਦੀ ਦੁਰਵਰਤੋਂ ਕਰਕੇ ਲੋਕਤੰਤਰ ਦਾ ਕਤਲ ਕੀਤਾ। ਸ਼ਨੀਵਾਰ ਨੂੰ 'ਆਪ' ਦੇ ਤਿੰਨ ਨੇਤਾਵਾਂ ਨੇ ਈ.ਵੀ.ਐੱਮ. ਤੋੜ ਦਿੱਤੀ ਪਰ ਸਰਕਾਰ ਦੇ ਦਬਾਅ ਕਾਰਨ ਪੁਲਿਸ ਨੇ ਇਹਨਾਂ ਖਿਲਾਫ ਕੇਸ ਵੀ ਦਰਜ ਨਹੀਂ ਕੀਤਾ। ਜੇਕਰ ਕਾਂਗਰਸੀ ਅਤੇ ਵਾਰਡ ਦੇ ਲੋਕ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਨਾ ਕਰਦੇ ਤਾਂ ਪ੍ਰਸ਼ਾਸਨ ਜ਼ਬਰਦਸਤੀ ‘ਆਪ’ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੰਦਾ। ਇਹ ਏਕਤਾ ਦਾ ਹੀ ਨਤੀਜਾ ਹੈ ਕਿ ਇੱਥੇ ਮੁੜ ਵੋਟਾਂ ਪਈਆਂ ਅਤੇ ਸੱਚ ਸਭ ਦੇ ਸਾਹਮਣੇ ਆ ਗਿਆ। ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਇਸ ਧੱਕੇਸ਼ਾਹੀ ਨੂੰ ਲੈ ਕੇ ਸ਼ਹਿਰ ਦੇ ਹਰ ਘਰ ਵਿੱਚ ਜਾਵੇਗੀ। ਇਸ ਤੋਂ ਇਲਾਵਾ ਈਵੀਐਮ ਤੋੜਨ ਦੀ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਹਾਈਕੋਰਟ ਤੱਕ ਪਹੁੰਚ ਕੀਤੀ ਜਾਵੇਗੀ। ਕਾਂਗਰਸ ਦੇ ਜੇਤੂ ਸਤਨਾਮ ਚੌਧਰੀ ਨੇ ਹੀ ਕਿਹਾ ਕਿ ਲੋਕਾਂ ਦੀ ਜਿੱਤ ਹੋਈ ਹੈ।
ਸ਼ਹੀਦੀ ਹਫ਼ਤਾ ਹੋਣ ਕਾਰਨ ਨਹੀਂ ਮਨਾਇਆ ਗਿਆ ਜਸ਼ਨ
ਕਾਂਗਰਸ ਨੇ ਆਪਣੀ ਜਿੱਤ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਜਸ਼ਨ ਨਹੀਂ ਮਨਾਇਆ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਕਾਰਨ ਢੋਲ ਨਹੀਂ ਵਜਾਇਆ ਗਿਆ। ਨਾ ਲੱਡੂ ਵੰਡੇ ਅਤੇ ਨਾ ਹੀ ਕੋਈ ਨਾਅਰੇ ਲਾਏ। ਸਮੂਹ ਕਾਂਗਰਸੀ ਆਗੂਆਂ, ਵਰਕਰਾਂ ਅਤੇ ਵਾਰਡ ਵਾਸੀਆਂ ਨੇ ਆਪਣੇ ਜੇਤੂ ਉਮੀਦਵਾਰ ਨੂੰ ਨਾਲ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ। ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਅਰਦਾਸ ਕੀਤੀ ਗਈ। ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਸ਼ਹੀਦੀ ਦਿਹਾੜੇ ਨੂੰ ਲੈ ਕੇ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ। ਇਹ ਦਿਨ ਸਿੱਖ ਧਰਮ ਅੰਦਰ ਸੋਗ ਦੇ ਦਿਨ ਮੰਨੇ ਜਾਂਦੇ ਹਨ।