ਚੰਡੀਗੜ੍ਹ: ਪਟਿਆਲਾ ਵਿੱਚ ਸਥਿਤ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਨਿਵਾਸ ਸਥਾਨ ਪਰਮੇਸ਼ਰ ਦੁਆਰ ਵਿਖੇ ਸਾਲ 2012 ਵਿੱਚ ਬਲਾਤਕਾਰ ਤੋਂ ਬਾਅਦ ਕੁੜੀ ਦੇ ਕਤਲ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਕਾਰਵਾਈ ਦੀ ਤਿਆਰੀ ਕੀਤੀ ਹੈ। ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਡੀਜੀਪੀ ਤੋਂ ਇਹ ਵੀ ਪੁੱਛਿਆ ਹੈ ਕਿ ਇਸ 12 ਸਾਲ ਪੁਰਾਣੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੇ ਬਿਨਾਂ ਜਾਂਚ ਕਿਵੇਂ ਕੀਤੀ ਗਈ। ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਐਫਆਈਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ।
ਢੱਡਰੀਆਂਵਾਲੇ 'ਤੇ ਗੰਭੀਰ ਇਲਜ਼ਾਮ
ਇਸ ਮਾਮਲੇ ਵਿੱਚ ਮ੍ਰਿਤਕਾ ਦੇ ਭਰਾ ਨੇ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸੀਬੀਆਈ ਜਾਂ ਐਸਆਈਟੀ ਤੋਂ ਕਰਵਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨ 'ਚ ਰਣਜੀਤ ਸਿੰਘ ਢੱਡਰੀਆਂਵਾਲੇ 'ਤੇ ਗੰਭੀਰ ਇਲਜ਼ਾਮ ਲਾਏ ਗਏ ਹਨ। ਪਟੀਸ਼ਨਕਰਤਾ ਦੀ ਵਕੀਲ ਨਵਨੀਤ ਕੌਰ ਨੇ ਦੱਸਿਆ ਕਿ ਪਟੀਸ਼ਨਰ ਦੀ ਭੈਣ ਦਾ 22 ਅਪ੍ਰੈਲ 2012 ਨੂੰ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਡੇਰੇ 'ਚ ਕੋਈ ਜ਼ਹਿਰੀਲੀ ਚੀਜ਼ ਦੇ ਕੇ ਜਬਰ-ਜ਼ਨਾਹ ਕਰਕੇ ਕਤਲ ਕਰ ਦਿੱਤਾ ਗਿਆ ਸੀ। ਪਟੀਸ਼ਨਰ ਮੁਤਾਬਿਕ ਉਸ ਦੀ ਭੈਣ ਧਾਰਮਿਕ ਵਿਰਤੀ ਵਾਲੀ ਲੜਕੀ ਸੀ, ਜੋ 2002 ਤੋਂ ਧਾਰਮਿਕ ਸਰਗਮਰੀਆਂ ਨਾਲ ਜੁੜੀ ਹੋਈ ਸੀ।
ਢੱਡਰੀਆਂਵਾਲਾ ਦਾ ਵਿਰੋਧ
ਮ੍ਰਿਤਕਾ ਦੇ ਭਰਾ ਮੁਤਾਬਿਕ ਜਦੋਂ ਉਸ ਦੀ ਭੈਣ ਜਵਾਨੀ ਦੀ ਉਮਰ ਵਿੱਚ ਸੀ ਤਾਂ ਉਹ ਰਣਜੀਤ ਸਿੰਘ (ਢੱਡਰੀਆਂ ਵਾਲੇ) ਦੀ ਪੈਰੋਕਾਰ ਬਣ ਗਈ ਸੀ ਅਤੇ ਉਹ ਬਕਾਇਦਾ ਸੇਵਾ ਕਰਨ ਲਈ ਪਰਮੇਸ਼ਰ ਦੁਆਰ ਜਾਂਦੀ ਸੀ। ਉਸ ਦੀ ਢੱਡਰੀਆਂਵਾਲਾ ਪ੍ਰਤੀ ਬਹੁਤ ਸ਼ਰਧਾ ਸੀ, ਉਸ ਦੇ ਕਤਲ ਤੋਂ ਕੁਝ ਦਿਨ ਪਹਿਲਾਂ, ਉਸ ਦੀ ਭੈਣ ਨੂੰ ਰਣਜੀਤ ਸਿੰਘ ਢੱਡਰੀਆਂਵਾਲਾ ਦੀ ਅਸਲੀਅਤ ਬਾਰੇ ਪਤਾ ਲੱਗਾ ਕਿ ਉਹ ਡੇਰੇ ਵਿੱਚ ਸ਼ਰਧਾਲੂਆਂ ਦਾ ਸ਼ੋਸ਼ਣ ਕਰਦਾ ਸੀ। ਜਿਸ ਤੋਂ ਬਾਅਦ ਉਸ ਦੀ ਭੈਣ ਨੇ ਆਪਣੇ ਮਾਪਿਆਂ ਅਤੇ ਪੁਲਿਸ ਨੂੰ ਦੱਸ ਕੇ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਵਿਰੋਧ ਕਰਨ ਦਾ ਫੈਸਲਾ ਕੀਤਾ।
ਜ਼ਹਿਰ ਦੇਕੇ ਕੀਤਾ ਕਤਲ
ਪਟੀਸ਼ਨਕਰਤਾ ਦੀ ਪਟੀਸ਼ਨ ਮੁਤਾਬਿਕ ਉਸ ਦੀ ਭੈਣ ਨੇ ਢੱਡਰੀਆਂਵਾਲਾ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਰਣਜੀਤ ਸਿੰਘ ਢੱਡਰੀਆਂਵਾਲਾ ਵੱਲੋਂ ਸਤਾਏ ਗਏ ਲੋਕਾਂ ਵਿੱਚੋਂ ਇੱਕ ਸੀ, ਅਤੇ ਢੱਡਰੀਆਂਵਾਲਾ ਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ। ਪਟੀਸ਼ਨਰ ਮੁਤਾਬਿਕ 22 ਅਪ੍ਰੈਲ 2012 ਦੀ ਦੁਪਹਿਰ ਨੂੰ ਉਸ ਦੀ ਭੈਣ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਹਾਜ਼ਰੀ ਭਰਨ ਅਤੇ ਢੱਡਰੀਆਂਵਾਲਾ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ, ਜਿਸ 'ਤੇ ਉਹ ਉੱਥੇ ਗਈ। ਜਦੋਂ ਉਹ ਡੇਰੇ ਪਹੁੰਚੀ ਤਾਂ ਪਰਿਵਾਰ ਨੂੰ ਦੱਸਿਆ ਗਿਆ ਕਿ ਢੱਡਰੀਆਂਵਾਲਾ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ, ਇਸ ਤੋਂ ਬਾਅਦ ਉਸ ਦੀ ਭੈਣ ਦੀ ਮੌਤ ਹੋ ਗਈ।
ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਢੱਡਰੀਆਂਵਾਲਾ ਦੇ ਪੈਰੋਕਾਰਾਂ ਨੇ ਪਟੀਸ਼ਨਕਰਤਾ ਨੂੰ ਧਮਕੀ ਦਿੱਤੀ ਸੀ ਕਿ ਉਹ ਇਲਾਕਾ ਛੱਡ ਕੇ ਚਲੇ ਜਾਣ ਨਹੀਂ ਤਾਂ ਉਹ ਪਟੀਸ਼ਨਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ, ਜਿਸ ਕਾਰਣ ਪਟੀਸ਼ਨਕਰਤਾ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਹਿਰ ਛੱਡ ਕੇ ਭੱਜਣਾ ਪਿਆ ਅਤੇ ਉਦੋਂ ਤੋਂ ਹੀ ਉਹ ਅਣਪਛਾਤੇ ਸਥਾਨਾਂ 'ਤੇ ਛੁਪ ਕੇ ਰਹਿ ਰਿਹਾ ਹੈ। ਪਟੀਸ਼ਨਰ ਕਤਲ ਮਾਮਲੇ ਸਬੰਧੀ ਪੁੱਛਗਿੱਛ ਲਈ ਕਈ ਵਾਰ ਥਾਣਾ ਪਸਿਆਣਾ ਵਿਖੇ ਜਾ ਚੁੱਕਾ ਹੈ। ਭੈਣ ਦੇ ਕੇਸ ਵਿੱਚ ਪਟੀਸ਼ਨਕਰਤਾ ਨੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਅਧਿਕਾਰੀਆਂ ਨੇ ਪਟੀਸ਼ਨਕਰਤਾ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।